ਬੋਕੋ ਹਰਾਮ ਵਲੋਂ ਰਿਹਾਅ ਨਾਈਜੀਰੀਆਈ ਵਿਦਿਆਰਥਣਾਂ ਪਹੁੰਚੀਆਂ ਘਰ

Monday, Mar 26, 2018 - 12:42 AM (IST)

ਬੋਕੋ ਹਰਾਮ ਵਲੋਂ ਰਿਹਾਅ ਨਾਈਜੀਰੀਆਈ ਵਿਦਿਆਰਥਣਾਂ ਪਹੁੰਚੀਆਂ ਘਰ

ਦਾਪਚੀ—ਉਤਰ ਪੂਰਵੀ ਨਾਈਜੀਰੀਆ ਦੇ ਦਾਪਚੀ 'ਚ ਬਾਕੋ ਹਰਾਮ ਜਿਹਾਦੀ ਸਮੂਹ ਵਲੋਂ 19 ਫਰਵਰੀ ਨੂੰ ਅਗਵਾ ਕੀਤੀਆਂ ਗਈਆਂ ਵਿਦਿਆਰਥਣਾਂ ਇਸ ਹਫਤੇ ਰਿਹਾਅ ਕੀਤੇ ਜਾਣ ਤੋਂ ਬਾਅਦ ਅੱਜ ਆਪਣੇ ਘਰ ਪਰਤ ਆਈਆਂ। ਆਪਣੇ ਸਿਰ ਨੂੰ ਬੁਰਕੇ ਨਾਲ ਢੱਕ ਕੇ ਇਹ 105 ਵਿਦਿਆਰਥਣਾਂ ਸਥਾਨਕ ਸਮੇਂ ਅਨੁਸਾਰ ਦੁਪਹਿਰ 2.30 'ਤੇ ਪੰਜ ਬੱਸਾਂ 'ਚ ਸਵਾਰ ਹੋ ਕੇ ਨਾਈਜੀਰੀਆ ਫੌਜ ਦੀ ਨਿਗਰਾਨੀ 'ਚ ਯੋਬੇ ਸੂਬੇ ਦੇ ਦਾਪਚੀ ਪਹੁੰਚੀ।
ਰਾਸ਼ਟਰੀ ਰਾਜਧਾਨੀ ਅਬੁਜਾ 'ਚ ਅਧਿਕਾਰੀਆਂ ਨਾਲ ਤਿੰਨ ਦਿਨ ਬਿਤਾਉਣ ਤੋਂ ਬਾਅਦ ਐਤਵਾਰ ਨੂੰ ਵਾਪਸ ਪਰਤੀਆਂ ਵਿਦਿਆਰਥਣਾਂ ਦਾ ਉਸੇ ਬੋਰਡਿੰਗ ਸਕੂਲ 'ਚ ਉਨ੍ਹਾਂ ਦੇ ਅਧਿਆਪਕਾਂ ਨੇ ਸੁਆਗਤ ਕੀਤਾ ਜਿੱਥੋਂ ਇਨ੍ਹਾਂ ਵਿਦਿਆਰਥਣਾਂ ਨੂੰ ਅਗਵਾ ਕੀਤਾ ਸੀ। ਇਨ੍ਹਾਂ ਵਿਦਿਆਰਥਣਾਂ ਨੂੰ ਬੁੱਧਵਾਰ ਨੂੰ ਰਿਹਾਅ ਕੀਤਾ ਗਿਆ ਸੀ। ਬੋਕੋ ਹਰਾਮ ਨੇ ਕੁਲ 111 ਵਿਦਿਆਰਥਣਾਂ ਨੂੰ ਅਗਵਾ ਕੀਤਾ ਸੀ। ਗੱਲਬਾਤ ਤੋਂ ਬਾਅਦ ਬੋਕੋ ਹਰਾਮ ਦੇ ਕੱਟੜਪੰਧੀਆਂ ਨੇ ਬੁੱਧਵਾਰ ਨੂੰ 105 ਵਿਦਿਆਰਥਣਾਂ ਨੂੰ ਤਾਂ ਰਿਹਾਅ ਕਰ ਦਿੱਤਾ, ਪਰ ਇਕ ਵਿਦਿਆਰਥਣ ਲੀਹ ਸ਼ਰੀਬੂ ਹਾਲੇ ਵੀ ਬੰਧਕ ਹੈ।
ਦੱਸਿਆ ਜਾਂਦਾ ਹੈ ਕਿ ਲੀਹ ਇਸਾਈ ਹੈ ਅਤੇ ਉਸ ਨੇ ਇਸਲਾਮ ਧਰਮ ਅਪਣਾਉਣ ਤੋਂ ਇਨਕਾਰ ਕਰ ਦਿੱਤਾ। ਅਗਵਾ ਕੀਤੀਆਂ ਗਈਆਂ ਪੰਜ ਵਿਦਿਆਰਥਣਾਂ ਦੇ ਬਾਰੇ 'ਚ ਮੰਨਿਆ ਜਾਂਦਾ ਹੈ ਕਿ ਅਗਵਾਕਾਰਾਂ ਦੇ ਚੁੰਗਲ ਤੋਂ ਭੱਜਣ ਦੀ ਕੋਸ਼ਿਸ਼ ਦੌਰਾਨ ਇਹ ਲੜਕੀਆਂ ਭਗਦੜ 'ਚ ਮਾਰ ਗਈਆਂ।


Related News