ਕੈਮਲੂਪਸ ''ਚੋਂ ਮਿਲੀ ਲਾਸ਼, ਪੁਲਸ ਵੱਲੋਂ ਜਾਂਚ ਸ਼ੁਰੂ
Wednesday, Jan 07, 2026 - 08:05 PM (IST)
ਵੈਨਕੂਵਰ (ਮਲਕੀਤ ਸਿੰਘ) – ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਕੈਮਲੂਪਸ ਵਿੱਚ ਵੈੱਲਨੈੱਸ ਚੈਕ ਦੌਰਾਨ ਪੁਲਸ ਨੂੰ ਇੱਕ ਵਿਅਕਤੀ ਦੀ ਲਾਸ਼ ਮਿਲਣ ਤੋਂ ਬਾਅਦ ਮਾਮਲੇ ਨੂੰ ਸੰਭਾਵਿਤ ਕਤਲ ਵਜੋਂ ਜਾਂਚ ਹੇਠ ਲਿਆ ਗਿਆ ਹੈ। ਪੁਲਸ ਮੁਤਾਬਕ ਇਹ ਘਟਨਾ ਸੋਮਵਾਰ ਨੂੰ ਵੈਸਟ ਐਂਡ ਇਲਾਕੇ ਦੀ ਇੱਕ ਰਿਹਾਇਸ਼ ਵਿੱਚ ਸਾਹਮਣੇ ਆਈ, ਜਿੱਥੇ ਅਧਿਕਾਰੀਆਂ ਨੇ ਜਾਂਚ ਦੌਰਾਨ ਲਾਸ਼ ਬਰਾਮਦ ਕੀਤੀ ਸੀ।
ਪੁਲਸ ਵੱਲੋਂ ਜਾਰੀ ਜਾਣਕਾਰੀ ਅਨੁਸਾਰ ਮ੍ਰਿਤਕ ਦੀ ਪਛਾਣ ਮੁਹੰਮਦ ਆਸ਼ ਜ਼ਫ਼ਰ ਵਜੋਂ ਹੋਈ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਮੌਕੇ ਤੋਂ ਇਕੱਠੇ ਕੀਤੇ ਗਏ ਸਬੂਤਾਂ ਦੇ ਆਧਾਰ ‘ਤੇ ਮੌਤ ਨੂੰ ‘ਅਚਾਨਕ’ ਕਰਾਰ ਦੇਣ ਦੀ ਬਜਾਏ ਕਤਲ ਦੇ ਸੰਦਰਭ ਵਿੱਚ ਜਾਂਚ ਅੱਗੇ ਵਧਾਈ ਜਾ ਰਹੀ ਹੈ। ਪੁਲਸ ਨੇ ਆਮ ਲੋਕਾਂ ਨੂੰ ਭਰੋਸਾ ਦਿੱਤਾ ਹੈ ਕਿ ਜਨਤਾ ਲਈ ਕੋਈ ਖ਼ਤਰਾ ਨਹੀਂ ਹੈ।
ਪੁਲਸ ਨੇ ਮ੍ਰਿਤਕ ਦੇ ਪਰਿਵਾਰ ਨਾਲ ਸੰਵੇਦਨਾ ਜਤਾਉਂਦੇ ਹੋਏ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਵੀ ਇਸ ਮਾਮਲੇ ਨਾਲ ਸੰਬੰਧਿਤ ਜਾਣਕਾਰੀ ਹੋਵੇ ਤਾਂ ਉਹ ਤੁਰੰਤ ਪੁਲਸ ਅਧਿਕਾਰੀਆਂ ਦੇ ਧਿਆਨ 'ਚ ਲਿਆਂਦੀ ਜਾਵੇ।
