ਸਮੁੰਦਰ ਵਿਚਾਲੇ ਡੁੱਬ ਗਈ ਕਿਸ਼ਤੀ ! 350 ਤੋਂ ਵੱਧ ਲੋਕ ਸੀ ਸਵਾਰ, ਕਈਆਂ ਦੀ ਮੌਤ, ਰੈਸਕਿਊ ਆਪਰੇਸ਼ਨ ਜਾਰੀ
Monday, Jan 26, 2026 - 09:38 AM (IST)
ਇੰਟਰਨੈਸ਼ਨਲ ਡੈਸਕ- ਫਿਲੀਪੀਨਜ਼ ਤੋਂ ਇਕ ਬੇਹੱਦ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ, ਜਿੱਥੇ 350 ਤੋਂ ਵੱਧ ਲੋਕਾਂ ਨੂੰ ਲੈ ਕੇ ਜਾ ਰਹੀ ਇੱਕ ਕਿਸ਼ਤੀ ਅੱਧੀ ਰਾਤ ਨੂੰ ਸਮੁੰਦਰ ਵਿਚਾਲੇ ਡੁੱਬ ਗਈ। ਇਸ ਹਾਦਸੇ ਵਿੱਚ ਹੁਣ ਤੱਕ 7 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ, ਜਦਕਿ ਬਚਾਅ ਕਰਮੀਆਂ ਨੇ 215 ਯਾਤਰੀਆਂ ਨੂੰ ਸੁਰੱਖਿਅਤ ਬਚਾ ਕੇ ਬਾਹਰ ਕੱਢ ਲਿਆ ਹੈ।
ਹਾਦਸੇ ਦਾ ਸ਼ਿਕਾਰ ਹੋਈ ਕਿਸ਼ਤੀ ਦਾ ਨਾਂ ਐੱਮ/ਵੀ ਤ੍ਰਿਸ਼ਾ ਕਰਸਟਿਨ-3 ਹੈ, ਜੋ ਕਿ ਮਾਲ ਅਤੇ ਯਾਤਰੀਆਂ ਨੂੰ ਲੈ ਕੇ ਜਾਣ ਵਾਲੀ ਇੱਕ ਇੰਟਰਕੌਂਟੀਨੈਂਟਲ ਫੈਰੀ ਹੈ। ਹਾਦਸੇ ਸਮੇਂ ਕਿਸ਼ਤੀ ਵਿੱਚ ਕੁੱਲ 332 ਯਾਤਰੀ ਅਤੇ ਚਾਲਕ ਦਲ ਦੇ 27 ਮੈਂਬਰ ਸਵਾਰ ਸਨ ਤੇ ਇਹ ਕਿਸ਼ਤੀ ਜ਼ੈਂਬੋਆਂਗਾ ਬੰਦਰਗਾਹ ਤੋਂ ਸੁਲੂ ਪ੍ਰਾਂਤ ਦੇ ਦੱਖਣੀ ਜੋਲੋ ਟਾਪੂ ਵੱਲ ਜਾ ਰਹੀ ਸੀ। ਇਹ ਹਾਦਸਾ ਬਾਸਿਲਾਨ ਪ੍ਰਾਂਤ ਦੇ ਤੱਟ ਦੇ ਨੇੜੇ ਵਾਪਰਿਆ।
ਇਹ ਵੀ ਪੜ੍ਹੋ- 17 ਸੂਬਿਆਂ 'ਚ ਐਮਰਜੈਂਸੀ ! 14,000 ਤੋਂ ਵੱਧ ਫਲਾਈਟਾਂ ਰੱਦ, ਅਮਰੀਕਾ 'ਚ ਬੇਹੱਦ ਭਿਆਨਕ ਬਣੇ ਹਾਲਾਤ
ਹਾਦਸੇ ਦੀ ਜਾਣਕਾਰੀ ਦਿੰਦੇ ਹੋਏ ਅਧਿਕਾਰੀਆਂ ਨੇ ਦੱਸਿਆ ਕਿ ਕਿਸ਼ਤੀ ਵਿੱਚ ਤਕਨੀਕੀ ਖ਼ਰਾਬੀ ਆਉਣ ਕਾਰਨ ਇਸ ਦਾ ਸੰਤੁਲਨ ਵਿਗੜ ਗਿਆ ਤੇ ਇਹ ਸਮੁੰਦਰ ਵਿਚਾਲੇ ਡੁੱਬ ਗਈ। ਫਿਲੀਪੀਨ ਕੋਸਟ ਗਾਰਡ ਅਤੇ ਜਲ ਸੈਨਾ ਵੱਲੋਂ ਸਾਂਝੇ ਤੌਰ 'ਤੇ ਖੋਜ ਅਤੇ ਬਚਾਅ ਮੁਹਿੰਮ ਚਲਾਈ ਜਾ ਰਹੀ ਹੈ। ਬਾਸਿਲਾਨ ਦੇ ਗਵਰਨਰ ਮੁਜੀਵ ਹਾਤਾਮਨ ਨੇ ਦੱਸਿਆ ਕਿ ਬਚਾਏ ਗਏ ਯਾਤਰੀਆਂ ਅਤੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਸੂਬੇ ਦੀ ਰਾਜਧਾਨੀ ਇਸਾਬੇਲਾ ਲਿਆਂਦਾ ਗਿਆ ਹੈ।
ਦੱਸਿਆ ਜਾਂਦਾ ਹੈ ਕਿ ਫਿਲੀਪੀਨਜ਼ ਵਿੱਚ ਸਮੁੰਦਰੀ ਹਾਦਸੇ ਅਕਸਰ ਵਾਪਰਦੇ ਰਹਿੰਦੇ ਹਨ, ਜਿਨ੍ਹਾਂ ਦੇ ਮੁੱਖ ਕਾਰਨ ਤੂਫ਼ਾਨ, ਕਿਸ਼ਤੀਆਂ ਦੀ ਮਾੜੀ ਸਾਂਭ-ਸੰਭਾਲ, ਸਮਰੱਥਾ ਤੋਂ ਵੱਧ ਸਵਾਰੀਆਂ ਅਤੇ ਸੁਰੱਖਿਆ ਨਿਯਮਾਂ ਦੀ ਸਹੀ ਢੰਗ ਨਾਲ ਪਾਲਣਾ ਨਾ ਕਰਨਾ ਹਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
