''''ਹਿੰਦੂਆਂ ਦੇ ਕਤਲ ਮਾਮੂਲੀ ਘਟਨਾਵਾਂ..!'''', ਬੰਗਲਾਦੇਸ਼ੀ ਨੇਤਾ ਨੇ ਦਿੱਤਾ ਹੈਰਾਨ ਕਰਨ ਵਾਲਾ ਬਿਆਨ
Wednesday, Jan 07, 2026 - 09:17 AM (IST)
ਇੰਟਰਨੈਸ਼ਨਲ ਡੈਸਕ- ਬੰਗਲਾਦੇਸ਼ 'ਚ ਇਕ ਪਾਸੇ ਹਿੰਦੂਆਂ ਖ਼ਿਲਾਫ਼ ਹਮਲੇ ਲਗਾਤਾਰ ਵਧ ਰਹੇ ਹਨ, ਉੱਥੇ ਹੀ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ (ਬੀ. ਐੱਨ. ਪੀ.) ਦੇ ਨੇਤਾ ਮਿਰਜ਼ਾ ਫਖ਼ਰੁਲ ਇਸਲਾਮ ਦਾ ਇਕ ਹੈਰਾਨ ਕਰਨ ਵਾਲਾ ਬਿਆਨ ਸਾਹਮਣੇ ਆਇਆ ਹੈ। ਫਖ਼ਰੁਲ ਇਸਲਾਮ ਨੇ ਕਿਹਾ ਹੈ ਕਿ ਹਿੰਦੂਆਂ ਦੇ ਕਤਲ ਛੋਟੀਆਂ ਅਤੇ ਮਾਮੂਲੀ ਘਟਨਾਵਾਂ ਹਨ।
ਫਖ਼ਰੁਲ ਇਸਲਾਮ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਇਹ ਸਭ ਮੀਡੀਆ ਦੀ ਪੈਦਾਵਾਰ ਹੈ। ਉਨ੍ਹਾਂ ਨੇ ਹਿੰਦੂਆਂ ਵਿਰੁੱਧ ਹਿੰਸਾ ਅਤੇ ਕਤਲ ਦੀਆਂ ਘਟਨਾਵਾਂ ਨੂੰ ਸਿਰੇ ਤੋਂ ਖਾਰਿਜ ਕਰ ਦਿੱਤਾ। ਫਖ਼ਰੁਲ ਨੇ ਕਿਹਾ ਕਿ ਇਹ ਸਿਰਫ਼ ਛੋਟੀਆਂ-ਮੋਟੀਆਂ ਘਟਨਾਵਾਂ ਹਨ। ਉਨ੍ਹਾਂ ਅੱਗੇ ਕਿਹਾ ਕਿ ਹਿੰਸਾ ਦੀਆਂ ਘਟਨਾਵਾਂ ਕਿਸੇ ਇਕ ਭਾਈਚਾਰੇ ਤੱਕ ਸੀਮਤ ਨਹੀਂ ਹਨ। ਮੁਹੰਮਦ ਯੂਨੁਸ ਦੀ ਅੰਤਰਿਮ ਸਰਕਾਰ ਵਿਚ ਮੁਸਲਿਮ ਵੀ ਸੁਰੱਖਿਅਤ ਨਹੀਂ ਹਨ। ਮੁਸਲਮਾਨਾਂ ਨੂੰ ਵੀ ਮਾਰਿਆ ਜਾ ਰਿਹਾ ਹੈ ਅਤੇ ਉਨ੍ਹਾਂ ਨਾਲ ਵੀ ਜਬਰ-ਜ਼ਨਾਹ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ।
ਫਖ਼ਰੁਲ ਨੇ ਭਾਰਤ ਦੀ ਵਿਦੇਸ਼ ਨੀਤੀ ’ਤੇ ਵੀ ਧਿਆਨ ਕੇਂਦਰਿਤ ਕੀਤਾ। ਉਨ੍ਹਾਂ ਕਿਹਾ ਕਿ ਭਾਰਤ ਨੂੰ ਅਵਾਮੀ ਲੀਗ ਤੋਂ ਇਲਾਵਾ ਹੋਰ ਸਿਆਸੀ ਪਾਰਟੀਆਂ ਨਾਲ ਵੀ ਸੰਪਰਕ ਕਰਨਾ ਚਾਹੀਦਾ ਹੈ। ਨਾਲ ਹੀ ਇਹ ਵੀ ਕਿਹਾ ਕਿ ਅਸਲ ਮੁੱਦਾ ਕ੍ਰਿਕਟ ਜਾਂ ਵੱਖ-ਵੱਖ ਘਟਨਾਵਾਂ ਨਹੀਂ, ਸਗੋਂ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਵੱਲੋਂ ਦਿੱਤਾ ਗਿਆ ਸੰਦੇਸ਼ ਹੈ।
