ਖੂਨਦਾਨ ਕਰਨਾ ਹੀ ਇਨਸਾਨੀਅਤ ਦੀ ਸੱਚੀ ਮਦਦ ਹੈ : ਦੇਵ ਸਿੱਧੂ

04/25/2019 4:28:38 PM

ਸਿਡਨੀ (ਸਨੀ ਚਾਂਦਪੁਰੀ)- ਸਿਡਨੀ ਵਿਖੇ ਪੰਚਾਬੀਆਂ ਵਲੋਂ ਖੂਨਦਾਨ ਕੈਂਪ ਲਗਾਇਆ ਗਿਆ। ਖੂਨਦਾਨ ਮਹਾਂਦਾਨ ਨੂੰ ਲੈ ਕੇ ਪੰਜਾਬੀਆਂ ਵੱਲੋਂ ਆਸਟ੍ਰੇਲੀਆ ਵਿੱਚ ਇੱਕ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ, ਜਿਸ ਤਹਿਤ ਸੈਂਕੜੇ ਹੀ ਪੰਜਾਬੀਆਂ ਨੇ ਖੂਨਦਾਨ ਕੀਤਾ। ਇਸ ਮੌਕੇ ਆਸਟ੍ਰੇਲੀਆ ਵਿਖੇ ਖੂਨਦਾਨ ਕੈਂਪ ਲਗਵਾਉਣ ਵਾਲੇ ਦੇਵ ਸਿੱਧੂ ਨੇ ਕਿਹਾ ਕਿ ਮੌਜੂਦਾ ਸਮੇਂ 'ਚ ਖੂਨਦਾਨ ਕਰਨਾ ਮਾਨਵਤਾ ਦੀ ਸੱਚੀ ਸੇਵਾ ਹੈ। ਲੱਖਾਂ ਹੀ ਲੋਕ ਵਿਸ਼ਵ ਭਰ ਵਿੱਚ ਸਮੇਂ ਸਿਰ ਖ਼ੂਨ ਨਾ ਮਿਲਣ ਕਾਰਨ ਹਸਪਤਾਲ਼ਾਂ ਵਿੱਚ ਦਮ ਤੋੜ ਦਿੰਦੇ ਹਨ। ਉਨ੍ਹਾਂ ਕਿਹਾ ਕਿ ਖੂਨ ਇੱਕ ਐਹੋ ਜਿਹੀ ਦਵਾਈ ਹੈ, ਜੋ ਸਿਰਫ ਇਨਸਾਨ ਤੋਂ ਦੂਜੇ ਇਨਸਾਨ ਨੂੰ ਮਿਲ ਸਕਦੀ ਹੈ। ਕਿਸੇ ਲੋੜਵੰਦ ਦੀ ਮਦਦ ਕਰਨ ਦੇ ਮਕਸਦ ਨਾਲ ਹਰ ਵਿਅਕਤੀ ਨੂੰ ਖ਼ੂਨ ਦਾਨ ਕਰਨਾ ਚਾਹੀਦਾ ਹੈ।

ਉਨ੍ਹਾਂ ਕਿਹਾ ਕਿ ਖੂਨਦਾਨ ਕਰਨ ਨਾਲ ਸਰੀਰ 'ਚ ਖ਼ੂਨ ਦੀ ਕਮੀ ਨਹੀਂ ਹੁੰਦੀ, ਸਗੋਂ ਖੂਨਦਾਨ ਕਰਨ ਨਾਲ ਸਾਡੇ ਸਰੀਰ 'ਚ ਨਵੇਂ ਖ਼ੂਨ ਦਾ ਸੰਚਾਰ ਵਧੀਆ ਤਰੀਕੇ ਨਾਲ ਹੁੰਦਾ ਹੈ, ਜਿਸ ਨਾਲ ਸਾਡਾ ਸਰੀਰ ਵੀ ਖ਼ੂਨ ਨਾਲ ਜਾਂ ਦਿਲ ਨਾਲ ਸੰਬੰਧਤ ਰੋਗਾਂ ਤੋਂ ਬਚਿਆ ਰਹਿੰਦਾ ਹੈ। ਇਸ ਲਈ ਸਾਰਿਆਂ ਨੂੰ ਖੂਨਦਾਨ ਜ਼ਰੂਰ ਕਰਨਾ ਚਾਹੀਦਾ ਹੈ। ਦੇਵ ਸਿੱਧੂ ਨੇ ਕਿਹਾ ਕਿ ਆਸਟ੍ਰੇਲੀਆ 'ਚ ਕਿਤੇ ਵੀ ਕੋਈ ਖੂਨਦਾਨ ਕਰਨ ਦਾ ਇੱਛੁਕ ਹੋਵੇ, ਨੂੰ ਉਹ ਰੈੱਡ ਕਰਾਸ ਰਾਹੀਂ ਉਨ੍ਹਾਂ ਦੀ ਜਗ੍ਹਾ ਯਕੀਨੀ ਕਰਵਾ ਦੇਣਗੇ। ਇੱਥੇ ਇਹ ਦੱਸਣਯੋਗ ਹੈ ਕਿ ਆਸਟ੍ਰੇਲੀਆ ਵਿੱਚ ਵੱਖ-ਵੱਖ ਥਾਵਾਂ 'ਤੇ ਰੈੱਡ ਕਰਾਸ ਦੀਆਂ ਬੱਸਾਂ ਖੂਨਦਾਨ ਵਾਲਿਆਂ ਲਈ ਉਪਲੱਬਧ ਹਨ, ਜਿੱਥੇ ਮੁੰਡੇ ਇਸ ਮੁਹਿੰਮ ਨੂੰ ਅੱਗੇ ਲੈ ਕੇ ਆ ਰਹੇ ਹਨ, ਉੱਥੇ ਹੀ ਕੁੜੀਆਂ ਵੀ ਇਸ ਮੁਹਿੰਮ ਵਿੱਚ ਵੱਧ ਚੜ ਕੇ ਹਿੱਸਾ ਲੈ ਰਹੀਆਂ ਹਨ। ਮੈਂਡੀ ਕੰਗ ਪੈਨਰਿਥ ਜੋ ਕਿ ਸੰਸਥਾ ਨਾਲ ਜੁੜੀ ਹੈ, ਨੇ ਵੱਧ ਤੋਂ ਵੱਧ ਖ਼ੂਨਦਾਨ ਕਰਵਾਉਣ ਲਈ ਲੋਕਾਂ ਨੂੰ ਜਾਗਰੁਕ ਕੀਤਾ ਤੇ ਸੰਸਥਾ ਲਈ ਸ਼ਲਾਘਾਯੋਗ ਕੰਮ ਵੀ ਕਰ ਰਹੀਆਂ ਹਨ। ਇਸ ਮੌਕੇ ਦੇਵ ਸਿੱਧੂ ਨਾਲ ਸਨੀ ਸੋਢੀ, ਜਸਵਿੰਦਰ ਕਾਹਲੋਂ, ਕੁਲਤਾਰ ਸਿੰਘ ਆਦਿ ਹਾਜ਼ਰ ਸਨ।


Sunny Mehra

Content Editor

Related News