ਕੈਨੇਡਾ ’ਚ ਬਰਫ਼ੀਲੇ ਤੂਫ਼ਾਨ ਦਾ ਕਹਿਰ ! ਕਈ ਸੂਬਿਆਂ ’ਚ ਜਨ-ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ, ਸਕੂਲ-ਕਾਲਜ ਵੀ ਬੰਦ
Saturday, Dec 20, 2025 - 02:42 PM (IST)
ਵੈਨਕੂਵਰ, (ਮਲਕੀਤ ਸਿੰਘ)-ਕੈਨੇਡਾ ਦੇ ਠੰਡੇ ਇਲਾਕੇ ਵਾਲੇ ਸੂਬਿਆਂ 'ਚ ਬਰਫ਼ੀਲੇ ਤੂਫ਼ਾਨ ਦੀ ਆਮਦ ਨਾਲ ਸਮੁੱਚਾ ਜਨ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਣ ਦੀਆਂ ਸੂਚਨਾਵਾਂ ਹਨ। ਪ੍ਰਾਪਤ ਵੇਰਵਿਆਂ ਮੁਤਾਬਿਕ ਕੈਨੇਡਾ ਦੇ ਸੂਬੇ ਅਲਬਰਟਾ ਤੇ ਸਸਕੈਚਵਨ ਤੋਂ ਬਾਅਦ ਹੁਣ ਇਹ ਤੂਫਾਨ ਮੈਨੀਟੋਬਾ ਪਹੁੰਚ ਚੁੱਕਾ ਹੈ । ਜਿੱਥੋਂ ਇਹ ਤੂਫਾਨ ਓਂਟਾਰੀਓ ਵੱਲ ਵਧਣ ਦਾ ਕਿਆਸ ਲਗਾਇਆ ਜਾ ਰਿਹਾ ਹੈ।
ਦੱਖਣੀ ਮੈਨੀਟੋਬਾ ਵਿੱਚ 90 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਚੱਲ ਰਹੀਆਂ ਸੀਤ ਹਵਾਵਾਂ ਤੇ ਭਾਰੀ ਬਰਫ਼ਬਾਰੀ ਕਾਰਨ ਸਕੂਲ ਆਰਜੀ ਤੌਰ 'ਤੇ ਬੰਦ ਰੱਖਣ ਦਾ ਫੈਸਲਾ ਲਿਆ ਗਿਆ ਹੈ । ਕੁਝ ਰੂਟਾਂ 'ਤੇ ਬੱਸ ਸੇਵਾਵਾਂ ਵੀ ਰੱਦ ਕਰ ਦਿੱਤੀਆਂ ਗਈਆਂ ਹਨ, ਜਦਕਿ ਵਿਨੀਪੈਗ ਯੂਨੀਵਰਸਿਟੀ ਦੀਆਂ ਪ੍ਰੀਖਿਆਵਾਂ ਵੀ ਮੁਲਤਵੀ ਕਰ ਦੇਣ ਦੀ ਸੂਚਨਾ ਹੈ।
ਸੜਕਾਂ ’ਤੇ ਵਾਪਰੇ ਕਈ ਹਾਦਸਿਆਂ ਤੋਂ ਬਾਅਦ ਐਮਰਜੈਂਸੀ ਅਲਰਟ ਜਾਰੀ ਕਰ ਕੇ ਲੋਕਾਂ ਨੂੰ ਘਰਾਂ ਵਿੱਚ ਰਹਿਣ ਦੀ ਐਡਵਾਇਜ਼ਰੀ ਜਾਰੀ ਕੀਤੀ ਗਈ ਹੈ। ਮੌਸਮ ਦੇ ਵਿਗੜੇ ਮਿਜ਼ਾਜ ਕਾਰਨ ਸਬੰਧਤ ਹਵਾਈ ਅੱਡਿਆਂ ਤੋ ਕੁਝ ਉਡਣਾਂ 'ਚ ਵਿਘਨ ਪਏ ਜਾਣ ਬਾਰੇ ਵੀ ਪਤਾ ਲੱਗਾ ਹੈ। ਬ੍ਰਿਟਿਸ਼ ਕੋਲੰਬੀਆ ਦੇ ਪਹਾੜੀ ਖੇਤਰ 'ਚੋਂ ਗੁਜ਼ਰਦੀ ਕੋਕਾ ਹਿਲਾ ਰੋਡ ਭਾਰੀ ਬਰਫਬਾਰੀ ਕਾਰਨ ਡਰਾਈਵਰਾਂ ਨੂੰ ਬੇਹਦ ਸਾਵਧਾਨੀ ਵਰਤਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।
