ਬਲਿੰਕਨ ਨੇ ਤੁਰਕੀ, ਮਿਸਰ, ਜਾਰਡਨ ਅਤੇ ਸਾਊਦੀ ਅਰਬ ਦੇ ਵਿਦੇਸ਼ ਮੰਤਰੀਆਂ ਨਾਲ ਫੋਨ 'ਤੇ ਕੀਤੀ ਗੱਲ
Monday, Apr 15, 2024 - 12:06 PM (IST)
ਵਾਸ਼ਿੰਗਟਨ (ਭਾਸ਼ਾ) - ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਈਰਾਨ ਵਲੋਂ ਇਜ਼ਰਾਈਲ 'ਤੇ ਕੀਤੇ ਗਏ ਹਮਲਿਆਂ ਤੋਂ ਬਾਅਦ ਪੱਛਮੀ ਏਸ਼ੀਆ ਵਿਚ ਪੈਦਾ ਹੋਏ ਸੰਕਟ ਦੇ ਡਰ ਦੇ ਵਿਚਕਾਰ ਐਤਵਾਰ ਨੂੰ ਜੌਰਡਨ, ਸਾਊਦੀ ਅਰਬ, ਤੁਰਕੀ ਅਤੇ ਮਿਸਰ ਦੇ ਆਪਣੇ ਹਮਰੁਤਬਾ ਨਾਲ ਗੱਲਬਾਤ ਕੀਤੀ, ਜਦਕਿ ਰੱਖਿਆ ਮੰਤਰੀ ਲੋਇਡ ਆਸਟਿਨ ਨੇ ਸਾਊਦੀ ਅਰਬ ਅਤੇ ਇਜ਼ਰਾਈਲ ਦੇ ਰੱਖਿਆ ਮੰਤਰੀ ਨਾਲ ਗੱਲਬਾਤ ਕੀਤੀ। ਈਰਾਨ ਨੇ ਇਜ਼ਰਾਈਲ 'ਤੇ 300 ਤੋਂ ਵੱਧ ਡਰੋਨ ਅਤੇ ਮਿਜ਼ਾਈਲਾਂ ਦਾਗੀਆਂ, ਜਿਸ ਨੂੰ ਇਜ਼ਰਾਈਲੀ, ਅਮਰੀਕੀ ਅਤੇ ਉਸ ਦੀਆਂ ਸਹਿਯੋਗੀ ਫੌਜਾਂ ਟੀਚੇ ਤੱਕ ਪਹੁੰਚਣ ਤੋਂ ਪਹਿਲਾਂ ਹੀ ਹਵਾ ਵਿਚ ਨਸ਼ਟ ਕਰਨ ਵਿਚ ਕਾਮਯਾਬ ਰਹੀਆਂ।
ਈਰਾਨ ਨੇ ਇਨ੍ਹਾਂ ਡਰੋਨ ਅਤੇ ਮਿਜ਼ਾਈਲ ਹਮਲਿਆਂ ਨੂੰ ਸੀਰੀਆ 'ਚ ਆਪਣੇ ਵਣਜ ਦੂਤਘਰ 'ਤੇ 1 ਅਪ੍ਰੈਲ ਨੂੰ ਹੋਏ ਹਮਲੇ ਦਾ ਜਵਾਬ ਦੱਸਿਆ ਹੈ। ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਦੀ ਜੀ-7 ਦੇਸ਼ਾਂ ਦੇ ਨੇਤਾਵਾਂ ਨਾਲ ਗੱਲਬਾਤ ਤੋਂ ਬਾਅਦ ਇਸ ਸੰਕਟ ਨਾਲ ਨਜਿੱਠਣ 'ਚ ਕੂਟਨੀਤਕ ਤੇਜ਼ੀ ਆਈ ਹੈ। ਬਾਈਡੇਨ ਨੇ ਜਾਰਡਨ ਦੇ ਰਾਜਾ ਅਬਦੁੱਲਾ ਅਤੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨਾਲ ਵੀ ਵੱਖਰੇ ਤੌਰ 'ਤੇ ਫੋਨ 'ਤੇ ਗੱਲ ਕੀਤੀ। ਇਨ੍ਹਾਂ ਵਾਰਤਾਵਾਂ ਵਿੱਚ, ਅਮਰੀਕੀ ਲੀਡਰਸ਼ਿਪ ਨੇ ਖੇਤਰ ਵਿੱਚ ਤਣਾਅ ਨੂੰ ਹੋਰ ਵਧਣ ਤੋਂ ਰੋਕਣ ਦੀ ਲੋੜ 'ਤੇ ਜ਼ੋਰ ਦਿੱਤਾ ਅਤੇ ਇਜ਼ਰਾਈਲ ਦੀ ਰੱਖਿਆ ਲਈ ਅਮਰੀਕਾ ਦੀ ਅਟੁੱਟ ਵਚਨਬੱਧਤਾ ਨੂੰ ਦੁਹਰਾਇਆ।
ਵਿਦੇਸ਼ ਵਿਭਾਗ ਦੇ ਬੁਲਾਰੇ ਮੈਥਿਊ ਮਿਲਰ ਨੇ ਕਿਹਾ ਕਿ ਨੇਤਾਵਾਂ ਨੇ ਗਾਜ਼ਾ ਦੇ ਸੰਕਟ ਦਾ ਸਥਾਈ ਹੱਲ ਲੱਭਣ ਲਈ ਕੂਟਨੀਤਕ ਯਤਨਾਂ ਦੀ ਮਹੱਤਤਾ 'ਤੇ ਜ਼ੋਰ ਦਿੱਤਾ ਜੋ ਇਜ਼ਰਾਈਲ ਅਤੇ ਫਲਸਤੀਨ ਲਈ ਸਥਾਈ ਸ਼ਾਂਤੀ ਅਤੇ ਸੁਰੱਖਿਆ ਪ੍ਰਦਾਨ ਕਰਦਾ ਹੈ। ਇਸ ਦੌਰਾਨ ਬਾਈਡੇਨ ਨੇ ਆਪਣੇ ਕਾਰਜਕਾਲ ਦੇ ਸਭ ਤੋਂ ਵੱਡੇ ਵਿਦੇਸ਼ ਨੀਤੀ ਸੰਕਟ 'ਤੇ ਕਾਂਗਰਸ ਨੇਤਾਵਾਂ ਨਾਲ ਗੱਲਬਾਤ ਕੀਤੀ।