ਪਾਕਿਸਤਾਨ ਵਿਚ ਅੱਤਵਾਦ ਵਿਰੋਧੀ ਵਿਭਾਗ ਦੀ ਬਿਲਡਿੰਗ ’ਚ ਧਮਾਕਾ; 1 ਅਧਿਕਾਰੀ ਦੀ ਮੌਤ
Sunday, Nov 02, 2025 - 08:58 PM (IST)
ਪਿਸ਼ਾਵਰ, (ਭਾਸ਼ਾ)- ਉੱਤਰ-ਪੱਛਮੀ ਪਾਕਿਸਤਾਨ ਦੇ ਅਸ਼ਾਂਤ ਖੈਬਰ ਪਖਤੂਨਖਵਾ ਸੂਬੇ ਵਿਚ ਅੱਤਵਾਦ ਵਿਰੋਧੀ ਵਿਭਾਗ (ਸੀ. ਟੀ. ਡੀ.) ਨਾਲ ਸਬੰਧਤ ਇਕ ਅਸਲਾ ਡਿਪੂ ’ਚ ਐਤਵਾਰ ਨੂੰ ਧਮਾਕਾ ਹੋਣ ਕਾਰਨ ਇਕ ਅਧਿਕਾਰੀ ਦੀ ਮੌਤ ਹੋ ਗਈ ਅਤੇ 2 ਹੋਰ ਜ਼ਖਮੀ ਹੋ ਗਏ।
ਪੁਲਸ ਨੇ ਦੱਸਿਆ ਕਿ ਇਹ ਧਮਾਕਾ ਸੂਬੇ ਦੀ ਰਾਜਧਾਨੀ ਪਿਸ਼ਾਵਰ ਵਿਚ ਭੀੜ-ਭੜੱਕੇ ਵਾਲੇ ਯੂਨੀਵਰਸਿਟੀ ਰੋਡ ’ਤੇ ਸਥਿਤ ਅੱਤਵਾਦ ਵਿਰੋਧੀ ਵਿਭਾਗ (ਸੀ. ਟੀ. ਡੀ.) ਸਟੇਸ਼ਨ ਦੇ ਅਸਲਾ ਡਿਪੂ ਦੇ ਅੰਦਰ ਹੋਇਆ। ਪੁਲਸ ਨੇ ਦੱਸਿਆ ਕਿ ਇਹ ਧਮਾਕਾ ਡਿਪੂ ਵਿਚ ਸਟੋਰ ਕੀਤੇ ਪੁਰਾਣੇ ਧਮਾਕਾਖੇਜ਼ ਪਦਾਰਥਾਂ ਕਾਰਨ ਹੋਇਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਹ ਘਟਨਾ ਫਿਲਹਾਲ ਅੱਤਵਾਦੀ ਕਾਰਵਾਈ ਨਹੀਂ ਜਾਪਦੀ। ਕੈਪੀਟਲ ਸਿਟੀ ਪੁਲਸ ਅਫਸਰ (ਸੀ. ਸੀ. ਪੀ. ਓ.) ਡਾ. ਮੀਆਂ ਸਈਦ ਨੇ ਕਿਹਾ ਕਿ ਕਈ ਧਮਾਕਿਆਂ ਤੋਂ ਬਾਅਦ ਇਮਾਰਤ ਦਾ ਇਕ ਹਿੱਸਾ ਢਹਿ ਗਿਆ ਅਤੇ ਅੱਗ ਡਿਪੂ ’ਚ ਫੈਲ ਗਈ।
