ਬਰਮਿੰਘਮ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਮਿਲੀਆਂ ਕੋਰੋਨਾ ਟੈਸਟ ਲਈ ਵਰਤੀਆਂ ਹੋਈਆਂ ਕਿੱਟਾਂ

Thursday, Oct 15, 2020 - 12:15 PM (IST)

ਬਰਮਿੰਘਮ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਮਿਲੀਆਂ ਕੋਰੋਨਾ ਟੈਸਟ ਲਈ ਵਰਤੀਆਂ ਹੋਈਆਂ ਕਿੱਟਾਂ

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਕੋਰੋਨਾਵਾਇਰਸ ਦੇ ਲਾਗ ਤੋਂ ਬਚਣ ਲਈ ਇਸ ਦਾ ਟੈਸਟ ਹੋਣਾ ਬਹੁਤ ਜ਼ਰੂਰੀ ਹੈ। ਵਾਇਰਸ ਦੀ ਪੁਸ਼ਟੀ ਹੋਣ 'ਤੇ ਅਗਲੀਆਂ ਸਾਵਧਾਨੀਆਂ ਰੱਖਣ ਵਿੱਚ ਮੱਦਦ ਮਿਲਦੀ ਹੈ। ਸਰਕਾਰ ਦਾ ਵੀ ਇਹ ਯਤਨ ਹੈ ਕਿ ਜ਼ਿਆਦਾਤਰ ਲੋਕਾਂ ਦਾ ਕੋਰੋਨਾ ਟੈਸਟ ਕੀਤਾ ਜਾਵੇ। ਇਸ ਉਦੇਸ਼ ਦੀ ਪੂਰਤੀ ਲਈ ਲੋਕਾਂ ਨੂੰ ਟੈਸਟ ਕਿੱਟਾਂ ਵੀ ਦਿੱਤੀਆਂ ਜਾਂਦੀਆਂ ਹਨ ਪਰ ਬਰਮਿੰਘਮ ਵਿੱਚ ਲਗਭਗ 25 ਵਰਤੀਆਂ ਹੋਈਆਂ ਕੋਰੋਨਾਵਾਇਰਸ ਟੈਸਟ ਕਿੱਟਾਂ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ ਅਤੇ ਇਸ ਦੀ ਪੁਸ਼ਟੀ ਸਿਟੀ ਕੌਂਸਲ ਨੇ ਕੀਤੀ ਹੈ। 

ਇੱਕ ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਬਰਮਿੰਘਮ ਸਿਟੀ ਕੌਂਸਲ ਦੀ ਇਸ ਸੇਵਾ ਦੇ ਹਿੱਸੇ ਵਜੋਂ ਯੂਨੀਵਰਸਿਟੀ ਆਫ ਬਰਮਿੰਘਮ ਦੇ ਵਿਦਿਆਰਥੀਆਂ ਨੇ ਕਿੱਟਾਂ ਪ੍ਰਾਪਤ ਕੀਤੀਆਂ ਸਨ, ਜਿਨ੍ਹਾਂ ਦੀ ਵਰਤੋਂ ਹੋ ਚੁੱਕੀ ਸੀ। ਇਸ ਮਾਮਲੇ ਵਿੱਚ ਕੌਂਸਲ ਨੇ ਰਾਤੋ ਰਾਤ ਜਾਂਚ ਪੜਤਾਲ ਕੀਤੀ ਤੇ ਕਿਹਾ ਕਿ ਛੇੜਛਾੜ ਦਾ ਕੋਈ ਸਬੂਤ ਨਹੀਂ ਮਿਲਿਆ। ਯੂਨੀਵਰਸਿਟੀ ਦੀ ਦੂਜੇ ਸਾਲ ਦੀ ਵਿਦਿਆਰਥੀ ਸੋਫੀ ਡਾਨ ਨੇ ਯੂਨੀਵਰਸਿਟੀ ਦੇ ਅਖਬਾਰ ਰੈਡਬ੍ਰਿਕ ਨੂੰ ਦੱਸਿਆ ਕਿ ਕਈ ਵਿਦਿਆਰਥੀ ਕੌਂਸਲ ਵਰਕਰਾਂ ਨੂੰ ਇਹ ਦੱਸਣ ਲਈ ਘਰਾਂ ਤੋਂ ਬਾਹਰ ਵੀ ਆਏ ਸਨ ਕਿ ਉਨ੍ਹਾਂ ਨੇ ਵਰਤੀਆਂ ਹੋਈਆਂ ਕਿੱਟਾਂ ਪ੍ਰਾਪਤ ਕੀਤੀਆਂ ਹਨ।  

ਪੜ੍ਹੋ ਇਹ ਅਹਿਮ ਖਬਰ- ਅਮਰੀਕਾ : ਦੋ ਬੱਚਿਆਂ ਦੀ ਮੌਤ ਦੇ ਮਾਮਲੇ 'ਚ ਮਾਂ 'ਤੇ ਮੁਕੱਦਮਾ

ਬਰਮਿੰਘਮ ਵਿੱਚ ਪ੍ਰਤੀ 100,000 ਲੋਕਾਂ ਵਿੱਚ 167.4 ਕੋਰੋਨਾਵਾਇਰਸ ਕੇਸ ਹਨ ਜਦਕਿ ਵਿਦਿਆਰਥੀਆਂ ਵਿੱਚ ਲਾਗ ਦੀ ਸੰਖਿਆ ਇੱਕ ਹਫ਼ਤੇ ਵਿੱਚ ਪ੍ਰਤੀ 100,000 ਵਿੱਚ 1000 ਕੇਸ ਹੋ ਗਈ ਹੈ। ਬਰਮਿੰਘਮ ਯੂਨੀਵਰਸਿਟੀ ਦੇ ਇਕ ਬੁਲਾਰੇ ਨੇ ਕਿਹਾ ਕਿ ਉਹ ਇਸ ਕਾਰਵਾਈ ਤੋਂ ‘ਬਹੁਤ ਨਿਰਾਸ਼’ ਹਨ । ਯੂਨੀਵਰਸਿਟੀ ਸਟਾਫ ਅਤੇ ਵਿਦਿਆਰਥੀਆਂ ਦੀ ਸੁਰੱਖਿਆ ਤੇ ਭਲਾਈ ਉਹਨਾਂ ਦੀ ਤਰਜੀਹ ਹੈ। ਕੋਰੋਨਾ ਨੂੰ ਕਾਬੂ ਕਰਨ ਲਈ ਯੂਨੀਵਰਸਿਟੀ ਸਾਰੇ ਸਰਕਾਰੀ ਅਤੇ ਪਬਲਿਕ ਹੈਲਥ ਇੰਗਲੈਂਡ ਦੇ ਮਾਰਗ ਦਰਸ਼ਨ ਦੀ ਪਾਲਣਾ ਵੀ ਕਰ ਰਹੀ ਹੈ।


author

Tanu

Content Editor

Related News