ਗਲਾਸਗੋ ’ਚ PM ਮੋਦੀ ਨੂੰ ਮਿਲੇ ਬਿਲ ਗੇਟਸ, ਵੱਖ-ਵੱਖ ਮੁੱਦਿਆਂ ’ਤੇ ਕੀਤੀ ਚਰਚਾ

Wednesday, Nov 03, 2021 - 01:28 PM (IST)

ਗਲਾਸਗੋ (ਭਾਸ਼ਾ)— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਜਲਵਾਯੂ ਤਬਦੀਲੀ ’ਤੇ ਸੰਯੁਕਤ ਰਾਸ਼ਟਰ ਸ਼ਿਖਰ ਸੰਮੇਲਨ ਤੋਂ ਬਾਅਦ ਮਾਈਕ੍ਰੋਸਾਫਟ ਦੇ ਸਹਿ-ਸੰਸਥਾਪਕ ਬਿਲ ਗੇਟਸ ਨਾਲ ਮੁਲਾਕਾਤ ਕੀਤੀ। ਇਸ ਬੈਠਕ ਵਿਚ ਵਿਕਾਸ ਅਤੇ ਜਲਵਾਯੂ ਤਬਦੀਲੀ ਨਾਲ ਨਜਿੱਠਣ ਦੀਆਂ ਚੁਣੌਤੀਆਂ ’ਤੇ ਚਰਚਾ ਹੋਈ। ਮੋਦੀ ਅਤੇ ਅਮਰੀਕਾ ਦੇ ਅਰਬਪਤੀ ਉਦਯੋਗਪਤੀ ਦੀ ਬੈਠਕ ਗੇਟਸ ਵਲੋਂ ਛੋਟੇ ਟਾਪੂ ਦੇਸ਼ਾਂ ਵਿਚ ਢਾਂਚੇ ਦੇ ਵਿਕਾਸ ਦੀ ਪਹਿਲ ਰੈਜੀਲਿਅੰਟ ਆਈਲੈਂਡ ਸਟੇਟਸ ਸ਼ੁਰੂ ਕੀਤੇ ਜਾਣ ਤੋਂ ਬਾਅਦ ਹੋਈ ਹੈ।

ਗੇਟਸ ਦਾ ਫਾਊਂਡੇਸ਼ਨ ਮਹਾਮਾਰੀ ਨਾਲ ਮੁਕਾਬਲੇ ਲਈ ਕਾਫੀ ਕੰਮ ਕਰ ਰਿਹਾ ਹੈ। ਪ੍ਰਧਾਨ ਮੰਤਰੀ ਦਫ਼ਤਰ (ਪੀ. ਐੱਮ. ਓ.) ਨੇ ਟਵੀਟ ਕੀਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੀ. ਓ. ਪੀ-26 ਸ਼ਿਖਰ ਸੰਮੇਲਨ ਤੋਂ ਬਾਅਦ ਬਿਲ ਗੇਟਸ ਨਾਲ ਵਿਕਾਸ ਅਤੇ ਜਲਵਾਯੂ ਤਬਦੀਲੀ ਦੀਆਂ ਚੁਣੌਤੀਆਂ ’ਤੇ ਚਰਚਾ ਕੀਤੀ। ਗੇਟਸ ਪਹਿਲਾਂ ਵੀ ਆਪਣੇ ਫਾਊਂਡੇਸ਼ਨ ਵਲੋਂ ਭਾਰਤ ਦੇ ਵਿਕਾਸ ਟੀਚਿਆਂ ਦੀ ਕੋਸ਼ਿਸ਼ ਪ੍ਰਤੀ ਸਮਰਥਨ ਜਤਾ ਚੁੱਕੇ ਹਨ। ਇਸ ਵਿਚ ਖ਼ਾਸ ਰੂਪ ਨਾਲ ਸਿਹਤ, ਪੋਸ਼ਣ, ਸਾਫ਼-ਸਫਾਈ ਅਤੇ ਖੇਤੀਬਾੜੀ ’ਤੇ ਧਿਆਨ ਦਿੱਤਾ ਜਾ ਰਿਹਾ ਹੈ। ਸੋਮਵਾਰ ਨੂੰ ਗੇਟਸ ਨੇ ਕਿਹਾ ਸੀ ਕਿ ਇਸ ਸਾਲ ਸੰਯੁਕਤ ਰਾਸ਼ਟਰ ਜਲਵਾਯੂ ਸੰਮੇਲਨ ਮੁੱਖ ਰੂਪ ਨਾਲ ਨਵੀਨਤਾ ’ਤੇ ਕੇਂਦਰਿਤ ਰਹੇਗਾ। ਉਨ੍ਹਾਂ ਨੇ ਅੱਗੇ ਦੀ ਰਾਹ ਨੂੰ ਲੈ ਕੇ ਭਰੋਸਾ ਵੀ ਜਤਾਇਆ ਸੀ।

ਗੇਟਸ ਨੇ ਟਵੀਟ ਕਰ ਕੇ ਕਿਹਾ ਕਿ ਸੀ. ਓ. ਪੀ-26 ਵਿਚ ਦੁਨੀਆ ਨੂੰ ਇਕੱਠੇ ਲਿਆ ਕੇ ਵਿਕਾਸ ਨੂੰ ਤੇਜ਼ ਕੀਤਾ ਜਾ ਸਕਦਾ ਹੈ ਅਤੇ ਸਵੱਛ ਊਰਜਾ ਦੀ ਸਵੀਕ੍ਰਿਤੀ ਨੂੰ ਵਧਾਇਆ ਜਾ ਸਕਦਾ ਹੈ। ਪਿਛਲੇ ਸਾਲ ਮਈ ’ਚ ਗੇਟਸ ਨੇ ਵੀਡੀਓ ਕਾਨਫਰੈਂਸਿੰਗ ਜ਼ਰੀਏ ਮੋਦੀ ਨਾਲ ਗੱਲਬਾਤ ਕੀਤੀ ਸੀ ਅਤੇ ਕੋਰੋਨਾ ਵਾਇਰਸ ਮਹਾਮਾਰੀ ’ਤੇ ਚਰਚਾ ਕੀਤੀ ਸੀ। ਨਵੰਬਰ 2019 ਵਿਚ ਗੇਟਸ ਨੇ ਨਵੀਂ ਦਿੱਲੀ ਵਿਚ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ ਸੀ। 


Tanu

Content Editor

Related News