ਕੈਨੇਡਾ ਦੀ ਸਿਆਸਤ 'ਚ ਵੱਡੀ ਹਲਚਲ, ਜਗਮੀਤ ਸਿੰਘ ਨੂੰ ਲੈ ਕੇ ਛਿੜੀ ਨਵੀਂ ਚਰਚਾ

Wednesday, Sep 11, 2024 - 02:13 PM (IST)

ਟੋਰਾਂਟੋ : ਕੈਨੇਡਾ ਵਿਚ ਸਿਆਸੀ ਉਥਲ-ਪੁਥਲ ਦਰਮਿਆਨ ਹਰ ਛੋਟਾ-ਵੱਡਾ ਆਗੂ ਜਗਮੀਤ ਸਿੰਘ ਨੂੰ ਨਿਸ਼ਾਨਾ ਬਣਾ ਰਿਹਾ ਹੈ। ਹਾਲ ਹੀ ਵਿਚ ਓਂਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਨੇ ਐਨ.ਡੀ.ਪੀ. ਆਗੂ ਜਗਮੀਤ ਸਿੰਘ ਨੂੰ ਲਾਲਚੀ ਕਰਾਰ ਦਿੱਤਾ ਹੈ ਜੋ ਸੰਭਾਵਤ ਤੌਰ ’ਤੇ ਪੈਨਸ਼ਨ ਦੇ ਲਾਲਚ ਵਿਚ ਟਰੂਡੋ ਸਰਕਾਰ ਦਾ ਸਾਥ ਦੇ ਰਹੇ ਹਨ। ਡਗ ਫੋਰਡ ਨੇ ਜਗਮੀਤ ਸਿੰਘ ’ਤੇ ਲੋਕਾਂ ਨੂੰ ਮੂਰਖ ਬਣਾਉਣ ਦਾ ਦੋਸ਼ ਵੀ ਲਾਇਆ। ਜਗਮੀਤ ਸਿੰਘ ਭਾਵੇਂ ਟਰੂਡੋ ਸਰਕਾਰ ਤੋਂ ਹਮਾਇਤ ਵਾਪਸ ਲੈ ਚੁੱਕੇ ਹਨ ਪਰ ਟੋਰੀ ਆਗੂਆਂ ਦਾ ਮੰਨਣਾ ਹੈ ਕਿ ਹੁਣ ਉਹ ਘੱਟ ਗਿਣਤੀ ਲਿਬਰਲ ਸਰਕਾਰ ਨੂੰ ਡੇਗਣ ਵਿਚ ਵੀ ਅੱਗੇ ਹੋ ਕੇ ਭੂਮਿਕਾ ਅਦਾ ਕਰਨ। 

ਪ੍ਰਿੰਸ ਐਡਵਰਡ ਕਾਊਂਟੀ ਵਿਖੇ ਨਵੇਂ ਵਾਟਰ ਟ੍ਰੀਟਮੈਂਟ ਪਲਾਂਟ ਲਈ ਆਰਥਿਕ ਸਹਾਇਤਾ ਦਾ ਐਲਾਨ ਕਰਨ ਮੌਕੇ ਡਗ ਫੋਰਡ ਨੇ ਕਿਹਾ ਕਿ ਜਗਮੀਤ ਸਿੰਘ ਨੇ ਲੋਕਾਂ ਨੂੰ ਭੰਬਲਭੂਸੇ ਵਿਚ ਪਾਇਆ ਹੋਇਆ ਹੈ ਜਦਕਿ ਅਸਲੀਅਤ ਇਹ ਹੈ ਕਿ ਲਾਲਚੀ ਸਿਆਸਤਦਾਨਾਂ ਲਈ ਪੈਨਸ਼ਨ ਹਾਸਲ ਕਰਨਾ ਸਭ ਤੋਂ ਅਹਿਮ ਹੁੰਦਾ ਹੈ। ਓਂਟਾਰੀਓ ਦੇ ਪ੍ਰੀਮੀਅਰ ਨੇ ਚੁਣੌਤੀ ਦਿਤੀ ਕਿ ਜੇ ਜਗਮੀਤ ਸਿੰਘ ਸਮੇਂ ਤੋਂ ਪਹਿਲਾਂ ਚੋਣਾਂ ਕਰਵਾਉਂਦੇ ਹਨ ਤਾਂ ਉਹ ਸਭ ਦੇ ਸਾਹਮਣੇ ਖੜ੍ਹੇ ਹੋ ਕੇ ਲਾਲਚੀ ਸਿਆਸਤਦਾਨਾਂ ਤੋਂ ਮੁਆਫ਼ੀ ਮੰਗਣਗੇ।  

ਪੜ੍ਹੋ ਇਹ ਅਹਿਮ ਖ਼ਬਰ--ਕੈਨੇਡਾ 'ਚ ਮਾੜੇ ਹਾਲਾਤ, ਸੜਕਾਂ 'ਤੇ ਖੁੱਲ੍ਹੇਆਮ ਘੁੰਮ ਰਹੇ ਨਸ਼ੇੜੀ

ਕੋਈ ਲਾਲਚੀ ਦੱਸ ਰਿਹਾ ਤਾਂ ਕੋਈ ਧੋਖੇਬਾਜ਼ 

ਡਗ ਫੋਰਡ ਨੇ ਅੱਗੇ ਕਿਹਾ ਕਿ ਜਗਮੀਤ ਸਿੰਘ ਅਕਤੂਬਰ 2025 ਤੋਂ ਪਹਿਲਾਂ ਕਿਤੇ ਨਹੀਂ ਜਾਣਗੇ। ਡਗ ਫੋਰਡ ਨੇ ਸ਼ਰਤ ਲਾਉਂਦਿਆਂ ਕਿਹਾ ਕਿ ਜਗਮੀਤ ਸਿੰਘ, ਟਰੂਡੋ ਸਰਕਾਰ ਲਈ ਕੋਈ ਖਤਰਾ ਪੈਦਾ ਨਹੀਂ ਕਰਨਗੇ ਅਤੇ ਪਿਛਲੇ ਕਈ ਸਾਲ ਤੋਂ ਚੱਲ ਰਿਹਾ ਤਮਾਸ਼ਾ ਅੱਗੇ ਵੀ ਜਾਰੀ ਰਹੇਗਾ। ਇੱਥੇ ਦੱਸਣਾ ਬਣਦਾ ਹੈ ਕਿ ਕੰਜ਼ਰਵੇਟਿਵ ਪਾਰਟੀ ਦੇ ਇਸ਼ਤਿਹਾਰਾਂ ਵਿਚ ਜਗਮੀਤ ਸਿੰਘ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਅਤੇ ਵਿਰੋਧੀ ਧਿਰ ਦੇ ਆਗੂ ਪਿਅਰੇ ਪੌਲੀਵਰੇ ਉਨ੍ਹਾਂ ਨੂੰ ਵਿਕਿਆ ਹੋਇਆ ਸਿੰਘ ਵੀ ਆਖ ਚੁੱਕੇ ਹਨ। ਪੌਲੀਵਰੇ ਦਾ ਕਹਿਣਾ ਹੈ ਕਿ ਜਗਮੀਤ ਸਿੰਘ ਆਪਣੀ ਪੈਨਸ਼ਨ ਲੈ ਜਾਣਗੇ ਪਰ ਕੀਮਤ ਲੋਕਾਂ ਨੂੰ ਚੁਕਾਉਣੀ ਪਵੇਗੀ। ਟੋਰੀ ਆਗੂ ਦੀ ਚੁਣੌਤੀ ਕਬੂਲ ਕਰਦਿਆਂ ਜਗਮੀਤ ਸਿੰਘ ਘੱਟ ਗਿਣਤੀ ਲਿਬਰਲ ਸਰਕਾਰ ਨਾਲੋਂ ਸਮਝੌਤਾ ਰੱਦ ਕਰ ਚੁੱਕੇ ਹਨ ਪਰ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਹਾਊਸ ਆਫ ਕਾਮਨਜ਼ ਵਿਚ ਬੇਭਰੋਸਗੀ ਮਤਾ ਲਿਆਂਦੇ ਜਾਣ ’ਤੇ ਐਨ.ਡੀ.ਪੀ. ਉਸ ਦੇ ਹੱਕ ਵਿਚ ਭੁਗਤੇਗੀ ਜਾਂ ਵਿਰੋਧ ਵਿਚ। 

ਦੂਜੇ ਪਾਸੇ ਡਗ ਫੋਰਡ ਵੱਲੋਂ ਫੈਡਰਲ ਚੋਣਾਂ ਦਾ ਜ਼ਿਕਰ ਤਾਂ ਕੀਤਾ ਜਾ ਰਿਹਾ ਹੈ ਪਰ ਸੂਬੇ ਵਿਚ ਸੰਭਾਵਤ ਵਿਧਾਨ ਸਭਾ ਚੋਣਾਂ ਬਾਰੇ ਵਿਸਤਾਰਤ ਜਾਣਕਾਰੀ ਸਾਂਝੀ ਨਹੀਂ ਕੀਤੀ ਜਾ ਰਹੀ। ਪੱਤਰਕਾਰ ਵੱਲੋਂ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ ਕਿ ਮੌਜੂਦਾ ਵਰ੍ਹੇ ਦੌਰਾਨ ਚੋਣਾਂ ਨਹੀਂ ਹੋਣਗੀਆਂ ਅਤੇ ਓਂਟਾਰੀਓ ਵਾਸੀਆਂ ਦੀ ਖੁਸ਼ਹਾਲੀ ਯਕੀਨੀ ਬਣਾਉਣ ਲਈ ਸਰਕਾਰ ਕੰਮ ਕਰਦੀ ਰਹੇਗੀ। ਸਿਆਸੀ ਮਾਹਰਾਂ ਦਾ ਕਹਿਣਾ ਹੈ ਕਿ ਓਂਟਾਰੀਓ ਵਿਚ ਸਮੇਂ ਤੋਂ ਪਹਿਲਾਂ ਵਿਧਾਨ ਸਭਾ ਚੋਣਾਂ ਦੇ ਆਸਾਰ ਟਲ ਚੁੱਕੇ ਹਨ। ਛੇ ਮਹੀਨੇ ਪਹਿਲਾਂ ਜਿਹੜਾ ਖਤਰਾ ਪੀ.ਸੀ. ਪਾਰਟੀ ਨੂੰ ਮਹਿਸੂਸ ਹੋ ਰਿਹਾ ਸੀ, ਉਹ ਹੁਣ ਟਲਦਾ ਮਹਿਸੂਸ ਹੋ ਰਿਹਾ ਹੈ। ਫੈਡਰਲ ਸਿਆਸਤ ਵਿਚ ਗੈਰਯਕੀਨੀ ਵਾਲਾ ਮਾਹੌਲ ਬਣ ਚੁੱਕਾ ਹੈ ਅਤੇ ਡਗ ਫੋਰਡ ਤੇ ਪਿਅਰੇ ਆਪੋ ਆਪਣੇ ਖੇਤਰਾਂ ਵਿਚ ਰੁੱਝੇ ਰਹਿਣਗੇ ਜਿਸ ਦੇ ਮੱਦੇਨਜ਼ਰ ਸਮੇਂ ਤੋਂ ਪਹਿਲਾਂ ਵਿਧਾਨ ਸਭਾ ਚੋਣਾਂ ਕਰਵਾਉਣ ਦੀ ਨੌਬਤ ਨਹੀਂ ਆਵੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News