ਚੋਣ ਮੁਹਿੰਮ ਦੌਰਾਨ ਲੇਬਰ ਪਾਰਟੀ ਵੱਲੋਂ ਸਕੂਲੀ ਅਧਿਆਪਕਾਂ ਲਈ ਵੱਡਾ ਐਲਾਨ
Tuesday, May 10, 2022 - 02:03 PM (IST)
ਪਰਥ (ਪਿਆਰਾ ਸਿੰਘ ਨਾਭਾ) : ਲੇਬਰ ਪਾਰਟੀ ਦੀ ਨਿਗਾਹ ਹੁਣ ਚੋਣ ਮੁਹਿੰਮ ਦੌਰਾਨ ਸਕੂਲੀ ਖੇਤਰ ਵਿਚਲੇ ਅਧਿਆਪਕਾਂ ’ਤੇ ਪਈ ਹੈ। ਮੁੱਖ ਵਿਰੋਧੀ ਧਿਰ ਦੇ ਨੇਤਾ ਐਂਥਨੀ ਐਲਬਨੀਜ਼ ਦੇ ਚੋਣ ਮਨੋਰਥ ਨੂੰ ਅੱਗੇ ਤੋਰਦਿਆਂ ਸ਼ੈਡੋ ਸਿੱਖਿਆ ਮੰਤਰੀ ਤਾਨੀਆ ਪਲਿਬਰਸਕ ਨੇ ਮੈਲਬੋਰਨ ’ਚ ਆਪਣੀ ਚੋਣ ਮੁਹਿੰਮ ਦੌਰਾਨ ਬੋਲਦਿਆਂ ਕਿਹਾ ਕਿ ਦੇਸ਼ ਵਿਚਲੇ ਸਕੂਲੀ ਖੇਤਰ ’ਚ ਬੀਤੇ ਕੁਝ ਸਾਲਾਂ ਤੋਂ ਬਹੁਤ ਜ਼ਿਆਦਾ ਤਣਾਅ ਦੇਖਣ ਨੂੰ ਮਿਲ ਰਿਹਾ ਹੈ। ਸਕੂਲੀ ਖੇਤਰ ਦੀ ਰੀੜ੍ਹ ਦੀ ਹੱਡੀ ਅਧਿਆਪਕ ਨਿਰਾਸ਼ ਹਨ ਕਿਉਂਕਿ ਉਨ੍ਹਾਂ ਦੀਆਂ ਤਨਖਾਹਾਂ ਘੱਟ ਹਨ ਅਤੇ ਉਪਰ ਕੰਮ ਕਰਨ ਦਾ ਬੋਝ (ਵਰਕ ਲੋਡ) ਬਹੁਤ ਜ਼ਿਆਦਾ ਹੈ। ਨਿਊ ਸਾਊਥ ਵੇਲਜ਼ ਦੇ ਅਧਿਆਪਕ ਤਾਂ ਹੜਤਾਲਾਂ ਕਰ ਰਹੇ ਹਨ। ਕੋਰੋਨਾ ਕਾਲ ਨੇ ਇਸ ਖੇਤਰ ਨੂੰ ਹੋਰ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਘੱਟ ਤਨਖਾਹਾਂ ਅਤੇ ਭੱਤੇ ਹੋਣ ਕਾਰਨ ਹਰ 3 ’ਚੋਂ 1 ਅਧਿਆਪਕ ਇਸ ਖ਼ਿੱਤੇ ਨੂੰ ਛੱਡ ਕੇ ਹੋਰ ਕੰਮਾਂ ਵੱਲ ਜਾ ਰਿਹਾ ਹੈ।
ਇਹ ਵੀ ਪੜ੍ਹੋ : PM ਮੌਰੀਸਨ ਨੇ ਖੇਤਰੀ ਅਖ਼ਬਾਰਾਂ ਤੇ ਪ੍ਰਿੰਟ ਮੀਡੀਆ ਲਈ ਕੀਤਾ ਇਹ ਐਲਾਨ
ਲੇਬਰ ਪਾਰਟੀ ਨੇ ਅਧਿਆਪਕਾਂ ਵਾਲੇ ਖ਼ਿੱਤੇ ਵਾਸਤੇ 150 ਮਿਲੀਅਨ ਡਾਲਰਾਂ ਦੇ ਬਜਟ ਦਾ ਐਲਾਨ ਕੀਤਾ ਹੈ, ਜੋ ਇਸ ਖੇਤਰ ਦੀ ਭਲਾਈ ਅਤੇ ਵਿਕਾਸ ਆਦਿ ਲਈ ਖਰਚਿਆ ਜਾਵੇਗਾ। ਸਾਲਾਨਾ ਪਲਾਨ ਬਾਰੇ ਦੱਸਦਿਆਂ ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਦੀ ਸਰਕਾਰ ਚੁਣੀ ਜਾਂਦੀ ਹੈ ਤਾਂ 5,000 ਵਿਦਿਆਰਥੀਆਂ ਨੂੰ, ਜਿਨ੍ਹਾਂ ਦੇ 80 ਜਾਂ ਇਸ ਤੋਂ ਵੱਧ ਦੇ ਏ. ਟੀ. ਏ. ਆਰ. (The Australian Tertiary Admission Rank) ਹੋਣਗੇ, ਉਨ੍ਹਾਂ ਨੂੰ ਇਸ ਅਧਿਆਪਨ ਦੇ ਖੇਤਰ ’ਚ ਲਿਆਉਣ ਖਾਤਰ 10,000 ਡਾਲਰ ਪ੍ਰਤੀ ਸਾਲ ਦੀ ਮਦਦ ਦਿੱਤੀ ਜਾਵੇਗੀ ਅਤੇ ਇਸ ਦੇ ਨਾਲ ਹੀ ਜੇਕਰ ਉਹ ਦੂਰ-ਦੁਰਾਡੇ ਦੇ ਖੇਤਰਾਂ ’ਚ ਜਾਣ ਲਈ ਤਿਆਰ ਹੁੰਦੇ ਹਨ ਤਾਂ ਉਨ੍ਹਾਂ ਨੂੰ 2000 ਡਾਲਰ ਦੀ ਵਾਧੂ ਰਾਸ਼ੀ ਵੀ ਪ੍ਰਦਾਨ ਕੀਤੀ ਜਾਵੇਗੀ।