ਇਟਲੀ : ਸ੍ਰੀ ਗੁਰੂ ਨਾਨਕ ਦੇਵ ਜੀ ਦੇ ਫਲਸਫੇ ਨੂੰ ਅਪਣਾਉਂਦਿਆ ਮੈਡੀਕਲ ਸਟੋਰ ਵਾਲਿਆਂ ਕੀਤਾ ਵੱਡਾ ਐਲਾਨ
Monday, May 16, 2022 - 11:53 AM (IST)

ਮਿਲਾਨ/ਇਟਲੀ (ਸਾਬੀ ਚੀਨੀਆ): ਇਟਲੀ ਦੇ ਇਕ ਮੈਡੀਕਲ ਸਟੋਰ ਮਾਲਕ ਨੇ ਸਿੱਖ ਧਰਮ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦਸਵੰਧ ਵਾਲੇ ਫਲਸਫੇ ਤੋਂ ਪ੍ਰਭਾਵਿਤ ਹੋ ਕੇ ਇਕ ਵੱਡਾ ਐਲਾਨ ਕੀਤਾ। ਐਲਾਨ ਮੁਤਾਬਕ ਉਹਨਾਂ ਨੇ ਆਪਣੇ ਮੈਡੀਕਲ ਸਟੋਰ ਤੋਂ ਦਵਾਈ ਲੈਣ ਵਾਲੇ ਹਰ ਭਾਰਤੀ ਨੂੰ 100 ਯੂਰੋ ਪਿੱਛੇ 10 ਫ਼ੀਸਦੀ ਘੱਟ ਰੇਟ 'ਤੇ ਦਵਾਈ ਦੇਣ ਦਾ ਸ਼ਲਾਘਾਯੋਗ ਫ਼ੈਸਲਾ ਕੀਤਾ। ਗੁਰਦੁਆਰਾ ਗੋਬਿੰਦਸਰ ਸਾਹਿਬ ਲਵੀਨੀੳ (ਰੋਮ) ਵੱਲੋਂ ਸਜਾਏ ਨਗਰ ਕੀਰਤਨ ਵਿਚ ਸ਼ਮੂਲੀਅਤ ਕਰਨ ਆਏ ਮੈਡੀਕਲ ਸਟੋਰ ਦੇ ਮਾਲਕ ਤੇ ਉਹਨਾਂ ਦੀ ਟੀਮ ਨੇ ਸਟੇਜ ਤੋਂ ਬੋਲਦੇ ਹੋਏ ਆਖਿਆ ਕਿ ਭਾਰਤੀ ਲੋਕਾਂ ਦੀ ਸੇਵਾ ਭਾਵਨਾ ਨੂੰ ਵੇਖਦੇ ਹੋਏ ਇਸ ਕਮਿਨਿਊਟੀ ਲਈ ਕੁਝ ਖਾਸ ਕਰਨਾ ਚਾਹੁੰਦੇ ਸਨ।
ਪੜ੍ਹੋ ਇਹ ਅਹਿਮ ਖ਼ਬਰ - ਦੁਨੀਆ ਦੀ ਸਭ ਤੋਂ ਬਜ਼ੁਰਗ ਔਰਤ ਨੇ ਪੋਤੇ-ਪੋਤੀਆਂ ਨਾਲ ਮਨਾਇਆ 128ਵਾਂ 'ਜਨਮਦਿਨ', ਦੱਸਿਆ ਲੰਬੀ ਉਮਰ ਦਾ ਰਾਜ
ਜਿਸ ਲਈ ਉਨਾਂ ਨੂੰ ਸਿੱਖ ਧਰਮ ਨਾਲ ਸਬੰਧਤ ਇਕ ਕਿਤਾਬ ਵਿਚੋਂ ਦਸਵੰਧ ਬਾਰੇ ਪੜ੍ਹਕੇ ਪ੍ਰੇਰਨਾ ਮਿਲੀ ਕਿ ਜਿਸ ਤਰ੍ਹਾਂ ਇਕ ਸਿੱਖ ਆਪਣੀ ਕਿਰਤ ਕਮਾਈ ਨੂੰ ਸਫਲਾ ਬਣਾਉਣ ਲਈ ਦਸਵੰਧ ਕੱਢਦਾ ਹੈ, ਠੀਕ ਉਸੇ ਤਰ੍ਹਾਂ ਗੁਰੂ ਨਾਨਕ ਦੇਵ ਦੀ ਸੋਚ ਨੂੰ ਅਪਣਾਉਂਦੇ ਹੋਏ ਆਪਣੇ ਮੈਡੀਕਲ ਸਟੋਰ 'ਤੇ ਆਉਣ ਵਾਲੇ ਹਰ ਭਾਰਤੀ ਨੂੰ 100 ਪਿੱਛੇ 10 ਪ੍ਰਤੀਸ਼ਤ ਘੱਟ ਰੇਟ 'ਤੇ ਦਵਾਈ ਦੇ ਕੇ ਇਸ ਇਲਾਕੇ ਵਿਚ ਰਹਿੰਦੇ 20,000 ਦੇ ਕਰੀਬ ਭਾਰਤੀਆਂ ਨੂੰ ਲਾਭ ਪਹੁੰਚਾਉਣਾ ਚਾਹੁੰਦੇ ਹਨ। ਇਸ ਸ਼ਲਾਘਾਯੋਗ ਫ਼ੈਸਲੇ ਤੋਂ ਗੁਰਦੁਆਰਾ ਗੋਬਿੰਦਸਰ ਸਾਹਿਬ ਦੇ ਪ੍ਰਬੰਧਕੀ ਢਾਂਚੇ ਵੱਲੋਂ ਉਹਨਾਂ ਨੂੰ ਯਾਦਗਾਰੀ ਚਿੰਨ੍ਹ ਭੇਂਟ ਕਰਦਿਆਂ ਵਿਸ਼ੇਸ਼ ਤੌਰ 'ਤੇ ਸਨਮਾਨਿਤ ਵੀ ਕੀਤਾ ਗਿਆ। ਦੱਸਣਯੋਗ ਹੈ ਕਿ ਇਸ ਮੈਡੀਕਲ ਸਟੋਰ ਵੱਲੋਂ ਪਿਛਲੇ ਸਾਲ ਕਰੋਨਾ ਕਾਲ ਦੌਰਾਨ ਗੈਰ ਕਾਨੂੰਨੀ ਤੌਰ 'ਤੇ ਰਹਿੰਦੇ ਭਾਰਤੀਆਂ ਨੂੰ ਕੋਰੋਨਾ ਵਾਇਰਸ ਦਾ ਟੀਕਾਕਰਨ ਕਰਨ ਵਿਚ ਵੀ ਵਿਸ਼ੇਸ਼ ਤੌਰ 'ਤੇ ਸਹਿਯੋਗ ਦਿੱਤਾ ਗਿਆ ਸੀ।