ਬਾਈਡੇਨ ਦਾ ਰੂਸੀ ਰਾਸ਼ਟਰਪਤੀ 'ਤੇ ਤਿੱਖਾ ਹਮਲਾ, ਕਿਹਾ- 'ਪੁਤਿਨ ਸੱਤਾ 'ਚ ਨਹੀਂ ਰਹਿ ਸਕਦੇ'
Sunday, Mar 27, 2022 - 11:48 AM (IST)
ਵਾਰਸਾ (ਭਾਸ਼ਾ)- ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਸ਼ਨੀਵਾਰ ਨੂੰ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ 'ਤੇ ਤਿੱਖਾ ਹਮਲਾ ਕੀਤਾ ਅਤੇ ਪੱਛਮੀ ਦੇਸ਼ਾਂ ਨੂੰ ਉਦਾਰ ਲੋਕਤੰਤਰ ਪ੍ਰਤੀ ਵਚਨਬੱਧਤਾ ਦਾ ਸੱਦਾ ਦਿੱਤਾ। ਯੂਰਪ ਦੇ ਚਾਰ ਦਿਨਾਂ ਦੌਰੇ 'ਤੇ ਆਏ ਬਾਈਡੇਨ ਨੇ ਦੁਨੀਆ ਦੇ ਹੋਰ ਨੇਤਾਵਾਂ ਨਾਲ ਮੁਲਾਕਾਤ ਦੌਰਾਨ ਪੁਤਿਨ ਬਾਰੇ ਕਿਹਾ ਕਿ ਇਹ ਆਦਮੀ ਸੱਤਾ 'ਚ ਨਹੀਂ ਰਹਿ ਸਕਦਾ। ਬਾਈਡੇਨ ਨੇ ਪਹਿਲਾਂ ਪੁਤਿਨ ਨੂੰ 'ਕਸਾਈ' ਕਿਹਾ ਸੀ ਪਰ ਬਾਅਦ 'ਚ ਵ੍ਹਾਈਟ ਹਾਊਸ ਨੇ ਖੁਦ ਨੂੰ ਇਸ ਬਿਆਨ ਤੋਂ ਦੂਰ ਕਰ ਲਿਆ। ਉੱਥੇ ਬਾਈਡੇਨ ਦੇ ਬਿਆਨ ਤੋਂ ਬਾਅਦ ਉਨ੍ਹਾਂ ਦੇ ਸਹਿਯੋਗੀ ਸਪੱਸ਼ਟ ਕਰ ਰਹੇ ਸਨ ਕਿ ਉਨ੍ਹਾਂ ਨੇ ਮਾਸਕੋ ਵਿੱਚ ਤੁਰੰਤ ਸਰਕਾਰ ਬਦਲਣ ਦੀ ਮੰਗ ਨਹੀਂ ਕੀਤੀ ਸੀ।
ਕ੍ਰੇਮਲਿਨ (ਰੂਸੀ ਰਾਸ਼ਟਰਪਤੀ ਦਫਤਰ) ਦੇ ਬੁਲਾਰੇ ਦਮਿਤਰੀ ਪੇਸਕੋਵ ਨੇ ਬਾਈਡੇਨ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਰੂਸ ਵਿੱਚ ਕੌਣ ਸੱਤਾ ਵਿੱਚ ਰਹੇਗਾ ਇਸ ਦਾ ਫ਼ੈਸਲਾ ਨਾ ਤਾਂ ਅਮਰੀਕਾ ਦੇ ਰਾਸ਼ਟਰਪਤੀ ਦੁਆਰਾ ਅਤੇ ਨਾ ਹੀ ਅਮਰੀਕੀ ਲੋਕਾਂ ਦੁਆਰਾ ਕੀਤਾ ਜਾਵੇਗਾ। ਵਾਰਸਾ ਦੇ ਪ੍ਰਸਿੱਧ ਰਾਇਲ ਕੈਸਲ ਵਿੱਚ ਪਹੁੰਚਣ ਤੋਂ ਪਹਿਲਾਂ ਆਪਣੇ ਲਗਭਗ 30 ਮਿੰਟ ਦੇ ਭਾਸ਼ਣ ਵਿੱਚ ਉਹਨਾਂ ਨੇ ਪੱਛਮੀ ਸਹਿਯੋਗੀਆਂ ਨੂੰ "ਆਜ਼ਾਦੀ ਦੀ ਨਵੀਂ ਲੜਾਈ" ਵਿੱਚ ਇੱਕ ਮੁਸ਼ਕਲ ਰਸਤੇ 'ਤੇ ਤੁਰਨ ਲਈ ਤਿਆਰ ਰਹਿਣ ਦੀ ਅਪੀਲ ਕੀਤੀ। ਉਹਨਾਂ ਨੇ ਪੁਤਿਨ ਨੂੰ ਨਾਟੋ ਰਾਸ਼ਟਰ ਦੇ "ਇੱਕ ਇੰਚ" 'ਤੇ ਵੀ ਹਮਲਾ ਕਰਨ ਵਿਰੁੱਧ ਸਪੱਸ਼ਟ ਤੌਰ 'ਤੇ ਚੇਤਾਵਨੀ ਦਿੱਤੀ।
ਪੜ੍ਹੋ ਇਹ ਅਹਿਮ ਖ਼ਬਰ -ਅਮਰੀਕਾ ਦਾ ਵੱਡਾ ਕਦਮ, ਕੀਵ ਨੂੰ ਸੁਰੱਖਿਆ ਸਹਾਇਤਾ ਵਜੋਂ ਦੇਵੇਗਾ 10 ਕਰੋੜ ਡਾਲਰ
ਬਾਈਡੇਨ ਨੇ ਸ਼ੁੱਕਰਵਾਰ ਨੂੰ ਪੋਲਿਸ਼ ਰਾਸ਼ਟਰਪਤੀ ਐਂਡਰੇਜ਼ ਡੂਡਾ ਨਾਲ ਮੁਲਾਕਾਤ ਦੌਰਾਨ ਕਿਹਾ ਕਿ ਮੈਨੂੰ ਯਕੀਨ ਹੈ ਕਿ ਵਲਾਦੀਮੀਰ ਪੁਤਿਨ ਨਾਟੋ ਨੂੰ ਵੰਡਣਾ ਚਾਹੁੰਦੇ ਸਨ ਪਰ ਉਹ ਅਜਿਹਾ ਨਹੀਂ ਕਰ ਸਕਦੇ ਕਿਉਂਕਿ ਅਸੀਂ ਇੱਕਜੁੱਟ ਹਾਂ। ਪੋਲੈਂਡ ਵਿੱਚ ਬਾਈਡੇਨ ਨੇ “ਲੋਕਤੰਤਰ ਲਈ ਨਿਰੰਤਰ ਸੰਘਰਸ਼” ਦੀ ਗੱਲ ਕਰਦਿਆਂ, ਇੱਕ ਆਜ਼ਾਦ ਸਮਾਜ ਵਿੱਚ ਕਾਨੂੰਨ ਦੇ ਰਾਜ ਅਤੇ ਪ੍ਰੈਸ ਦੀ ਆਜ਼ਾਦੀ ਨੂੰ ਜ਼ਰੂਰੀ ਸਿਧਾਂਤਾਂ ਵਜੋਂ ਦਰਸਾਇਆ। ਇਸ ਦੌਰਾਨ ਪੋਲੈਂਡ ਵਿੱਚ ਉਨ੍ਹਾਂ ਦੇ ਹਮਰੁਤਬਾ ਐਂਡਰੇਜ਼ ਡੂਡਾ ਅਤੇ ਉਨ੍ਹਾਂ ਦੀ ਲਾਅ ਐਂਡ ਜਸਟਿਸ ਪਾਰਟੀ ਦੇ ਮੈਂਬਰ ਵੀ ਮੌਜੂਦ ਸਨ। ਆਪਣੇ ਭਾਸ਼ਣ ਵਿੱਚ ਬਾਈਡੇਨ ਨੇ ਲੋਕਤੰਤਰ ਲਈ ਪੋਲੈਂਡ ਦੇ ਲੰਬੇ ਸੰਘਰਸ਼ ਨੂੰ ਯਾਦ ਕੀਤਾ। ਵਾਰਸਾ ਦੇ ਰਾਇਲ ਕੈਸਲ ਵਿਖੇ, ਉਹਨਾਂ ਨੇ ਪੋਲੈਂਡ ਦੀ ਆਜ਼ਾਦੀ ਦੇ ਸੰਘਰਸ਼ ਨੂੰ ਯਾਦ ਕੀਤਾ। ਦੂਜੇ ਵਿਸ਼ਵ ਯੁੱਧ ਦੌਰਾਨ ਨਾਜ਼ੀ ਜਰਮਨ ਫ਼ੌਜਾਂ ਦੇ ਕਬਜ਼ੇ ਦੌਰਾਨ ਵਾਰਸਾ ਦਾ ਜ਼ਿਆਦਾਤਰ ਹਿੱਸਾ ਤਬਾਹ ਹੋ ਗਿਆ ਸੀ, ਜਿਸ ਨੂੰ ਬਾਅਦ ਵਿੱਚ ਦੁਬਾਰਾ ਬਣਾਇਆ ਗਿਆ ਸੀ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।