ਅਮਰੀਕਾ ਦੇ 4 ਅਹਿਮ ਸੂਬਿਆਂ 'ਚ ਬਾਇਡੇਨ ਟਰੰਪ ਤੋਂ ਅੱਗੇ ਚੱਲ ਰਹੇ : ਪੋਲ
Monday, Nov 02, 2020 - 02:28 AM (IST)
ਨਿਊਯਾਰਕ - ਅਮਰੀਕਾ ਵਿਚ ਇਕ ਨਵੇਂ ਸਰਵੇਖਣ ਮੁਤਾਬਕ ਰਾਸ਼ਟਰਪਤੀ ਚੋਣਾਂ ਦੇ ਲਿਹਾਜ਼ ਨਾਲ ਸਭ ਤੋਂ ਅਹਿਮ 4 ਸੂਬਿਆਂ ਵਿਚ ਜੋਅ ਬਾਇਡੇਨ ਨੂੰ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਮੁਕਾਬਲੇ ਅੱਗੇ ਦਿੱਖ ਰਹੇ ਹਨ। ਇਸ ਸਰਵੇਖਣ ਮੁਤਾਬਕ 2016 ਦੀਆਂ ਚੋਣਾਂ ਵਿਚ ਹਿੱਸਾ ਨਾ ਲੈਣ ਵਾਲੇ ਲੋਕ ਅਤੇ ਇਸ ਵਾਰ ਮੰਗਲਵਾਰ ਨੂੰ ਵੱਡੀ ਗਿਣਤੀ ਵਿਚ ਵੋਟਿੰਗ ਲਈ ਨਿਕਲਣ ਦੀ ਚਾਅ ਰੱਖਣ ਵਾਲੇ ਲੋਕਾਂ ਦਾ ਸਮਰਥਨ ਡੈਮੋਕ੍ਰੇਟ ਖੇਮੇ ਵੱਲ ਹੋ ਸਕਦਾ ਹੈ ਜਿਸ ਦੇ ਉਮੀਦਵਾਰ ਬਾਇਡੇਨ ਹਨ।
ਨਿਊਯਾਰਕ ਟਾਈਮਸ ਅਤੇ ਸਿਯੇਨਾ ਕਾਲੇਜ ਵੱਲੋਂ ਕਰਾਏ ਗਏ ਵੋਟਿੰਗ ਤੋਂ ਪਹਿਲਾਂ ਦੇ ਸਰਵੇਖਣ ਮੁਤਾਬਕ ਸਾਬਕਾ ਉਪ ਰਾਸ਼ਟਰਪਤੀ ਬਾਇਡੇਨ (77) ਵਿਸਕੋਂਸਿਨ, ਪੇਨਸਿਲਵੇਨੀਆ, ਫਲੋਰੀਡਾ ਅਤੇ ਐਰੀਜ਼ੋਨਾ ਵਿਚ ਰਿਪਬਲਿਕਨ ਉਮੀਦਵਾਰ ਟਰੰਪ ਤੋਂ ਅੱਗੇ ਰਹਿ ਸਕਦੇ ਹਨ। ਇਸ ਤੋਂ ਪਹਿਲਾਂ 'ਦਿ ਟਾਈਮਸ' ਵੱਲੋਂ ਕਰਾਏ ਗਏ ਪੋਲ ਵਿਚ ਬਾਇਡੇਨ ਨੂੰ 74 ਸਾਲਾ ਟਰੰਪ ਤੋਂ ਅੱਗੇ ਦੱਸਿਆ ਗਿਆ ਸੀ। ਉਥੇ ਹੀ ਰਾਸ਼ਟਰਪਤੀ ਟਰੰਪ ਵੱਲੋਂ ਰੈਲੀਆਂ ਵਿਚ ਕਈ ਵਾਰ ਇਹ ਆਖਿਆ ਗਿਆ ਹੈ ਕਿ ਉਹ ਮੀਡੀਆ ਵੱਲੋਂ ਪੇਸ਼ ਕੀਤੇ ਗਏ ਸਰਵੇਖਣਾਂ ਨੂੰ ਸਿਰੇ ਤੋਂ ਖਾਰਿਜ਼ ਕਰਦੇ ਹਨ।
ਦੱਸ ਦਈਏ ਕਿ 2016 ਵਿਚ ਹੋਈਆਂ ਚੋਣਾਂ ਨੂੰ ਲੈ ਕੇ ਵੀ ਉਦੋਂ ਟਰੰਪ ਨੇ ਇਹ ਬਿਆਨ ਦਿੱਤਾ ਸੀ ਕਿ ਉਹ ਇਸ ਤਰ੍ਹਾਂ ਦੇ ਸਾਰੇ ਸਰਵੇਖਣਾਂ ਨੂੰ ਖਾਰਿਜ਼ ਕਰਦੇ ਹਨ ਜਿਸ ਵਿਚ ਉਨ੍ਹਾਂ ਨੂੰ ਪਿੱਛੇ ਦਿਖਾਇਆ ਜਾ ਰਿਹਾ ਹੈ। ਬੇਸ਼ੱਕ ਇਸ ਵਾਰ ਅਮਰੀਕੀ ਚੋਣਾਂ ਵਿਚ ਜੋਅ ਬਾਇਡੇਨ ਅਤੇ ਰਾਸ਼ਟਰਪਤੀ ਟਰੰਪ ਵਿਚ ਸਖਤ ਮੁਕਾਬਲਾ ਦੇਖਣ ਨੂੰ ਮਿਲ ਰਿਹਾ ਹੈ। ਕਈ ਸੂਬਿਆਂ ਵਿਚ ਵੋਟਿੰਗ ਸ਼ੁਰੂ ਹੋ ਗਈ ਹੈ ਅਤੇ ਕੋਰੋਨਾ ਮਹਾਮਾਰੀ ਨੂੰ ਦੇਖਦੇ ਹੋਏ ਕਈ ਹੋਰ ਸੂਬਿਆਂ ਵਿਚ ਪਹਿਲਾਂ ਹੀ ਵੋਟਿੰਗ ਸ਼ੁਰੂ ਕਰਾ ਦਿੱਤੀ ਗਈ ਹੈ। ਦੱਸ ਦਈਏ ਕਿ 3 ਨਵੰਬਰ ਨੂੰ ਅਮਰੀਕੀ ਰਾਸ਼ਟਰਪਤੀ ਚੋਣਾਂ ਹਨ ਅਤੇ ਹੁਣ ਦੇਖਣਾ ਇਹ ਹੋਵੇਗਾ ਕਿ ਟਰੰਪ ਦੂਜੀ ਵਾਰ ਰਾਸ਼ਟਰਪਤੀ ਦਾ ਕਾਰਜਕਾਲ ਸੰਭਾਲ ਪਾਉਂਦੇ ਹਨ ਜਾਂ ਵ੍ਹਾਈਟ ਹਾਊਸ ਵਿਚ ਇਸ ਵਾਰ ਡੈਮੋਕ੍ਰੇਟ ਉਮੀਦਵਾਰ ਬਾਇਡੇਨ ਦੀ ਐਂਟਰੀ ਹੋਵੇਗੀ।