ਬਾਈਡੇਨ ਆਪਣੇ ਵਿਸ਼ਵਾਸੀ ਐਂਟਨੀ ਬਲਿੰਕੇਨ ਨੂੰ ਦੇ ਸਕਦੇ ਨੇ ਸੈਕਟਰੀ ਆਫ਼ ਸਟੇਟ ਦਾ ਅਹੁਦਾ
Monday, Nov 23, 2020 - 11:18 PM (IST)
ਫਰਿਜ਼ਨੋ, (ਗੁਰਿੰਦਰਜੀਤ ਨੀਟਾ ਮਾਛੀਕੇ)- ਅਮਰੀਕੀ ਰਾਜਨੀਤੀ ਦੀ ਕਮਾਨ ਰਾਸ਼ਟਰਪਤੀ ਚੁਣੇ ਗਏ ਜੋਅ ਬਾਈਡੇਨ ਦੇ ਹੱਥਾਂ ਵਿਚ ਆਉਣ ਦੇ ਦਿਨ ਨਜ਼ਦੀਕ ਆ ਰਹੇ ਹਨ ,ਜਿਸ ਦੀ ਤਿਆਰੀ ਲਈ ਬਾਈਡੇਨ ਆਪਣੀ ਟੀਮ ਬਾਰੇ ਵੀ ਯੋਜਨਾਵਾਂ ਬਣਾ ਰਹੇ ਹਨ। ਇਕ ਰਿਪੋਰਟ ਅਨੁਸਾਰ ਜੋਅ ਬਾਈਡੇਨ ਵਿਦੇਸ਼ੀ ਨੀਤੀ ਦੇ ਇਕ ਪੁਰਾਣੇ ਅਧਿਕਾਰੀ ਅਤੇ ਲੰਬੇ ਸਮੇਂ ਤੋਂ ਵਿਸ਼ਵਾਸਯੋਗ ਐਂਟਨੀ ਬਲਿੰਕੇਨ ਦਾ ਨਾਮ ਸੈਕਟਰੀ ਆਫ ਸਟੇਟ ਵਜੋਂ ਪੇਸ਼ ਕਰਨਗੇ।
ਓਬਾਮਾ ਪ੍ਰਸ਼ਾਸਨ ਦੌਰਾਨ ਉੱਚ ਪੱਧਰੀ ਰਾਸ਼ਟਰੀ ਸੁਰੱਖਿਆ ਅਤੇ ਵਿਦੇਸ਼ ਵਿਭਾਗ ਦੇ ਅਹੁਦਿਆਂ 'ਤੇ ਕਾਬਜ਼ ਰਹਿਣ ਵਾਲੇ ਬਲਿੰਕੇਨ ਨੇ ਲਗਭਗ ਦੋ ਦਹਾਕਿਆਂ ਤੋਂ ਵਿਦੇਸ਼ੀ ਨੀਤੀ ਦੇ ਮੁੱਦਿਆਂ' ਤੇ ਬਾਈਡੇਨ ਦੇ ਨਾਲ ਕੰਮ ਕੀਤਾ ਹੈ। ਬਾਈਡਨ ਨੇ ਬਲਿੰਕੇਨ ਨੂੰ ਇੱਕ "ਸੁਪਰ ਸਟਾਰ" ਕਹਿੰਦਿਆਂ ਉਸ ਦੀ ਪ੍ਰਸੰਸਾ ਵੀ ਕੀਤੀ ਹੈ ਪਰ ਇਸ ਅਹੁਦੇ ਦੀ ਦੌੜ ਵਿਚ ਸੂਜ਼ਨ ਰਾਈਸ ਦਾ ਨਾਮ ਵੀ ਨਾਮ ਅੱਗੇ ਆ ਰਿਹਾ ਹੈ। ਇਸ ਸੰਬੰਧੀ ਬਲਿੰਕੇਨ ਸੰਬੰਧੀ ਜੋਅ ਬਾਈਡੇਨ ਦਾ ਝੁਕਾਅ ਹੋਣ ਕਰਕੇ ਜਿਹੜੇ ਰਾਈਸ ਨੂੰ ਇਸ ਅਹੁਦੇ 'ਤੇ ਵੇਖਣਾ ਚਾਹੁੰਦੇ ਹਨ, ਨੂੰ ਨਿਰਾਸ਼ਾ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਜਦੋਂ ਸੈਨੇਟ ਦੀ ਪੁਸ਼ਟੀ ਦੀ ਗੱਲ ਆਉਂਦੀ ਹੈ ਤਾਂ ਬਲਿੰਕੇਨ ਦਾ ਨਾਮ ਅੱਗੇ ਆ ਸਕਦਾ ਹੈ ਕਿਉਂਕਿ ਰਾਈਸ ਨੂੰ 2012 ਦੇ ਬੇਨਗਾਜ਼ੀ ਹਮਲੇ, ਜਿਸ ਵਿਚ ਚਾਰ ਅਮਰੀਕੀ ਮਾਰੇ ਗਏ ਸਨ, ਬਾਰੇ ਆਪਣੇ ਸ਼ੁਰੂਆਤੀ ਬਿਆਨਾਂ 'ਤੇ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਸਕਦਾ ਹੈ। 58 ਸਾਲਾ ਬਲਿੰਕੇਨ ਸੈਨੇਟ ਦੀ ਵਿਦੇਸ਼ੀ ਸੰਬੰਧ ਕਮੇਟੀ ਵਿਚ ਸਾਲ 2002 ਵਿੱਚ ਬਾਈਡੇਨ ਦਾ ਸਟਾਫ਼ ਡਾਇਰੈਕਟਰ ਸੀ। ਜਦੋਂ ਬਾਈਡਨ ਉਪ ਰਾਸ਼ਟਰਪਤੀ ਬਣਿਆ ਸੀ, ਉਦੋਂ ਬਲਿੰਕੇਨ ਉਸ ਦਾ ਰਾਸ਼ਟਰੀ ਸੁਰੱਖਿਆ ਨਿਰਦੇਸ਼ਕ ਬਣ ਗਿਆ ਸੀ । ਰਾਸ਼ਟਰਪਤੀ ਬਰਾਕ ਓਬਾਮਾ ਨੇ ਵੀ ਉਸ ਨੂੰ ਉੱਚ ਅਹੁਦਿਆਂ ਤੇ ਬਿਠਾਇਆ ਸੀ। ਇਸ ਤੋਂ ਇਲਾਵਾ ਸਹਿਯੋਗੀ ਵੀ ਬਲਿੰਕਨ ਨੂੰ ਸਮਾਰਟ, ਅਪ੍ਰਤੱਖ ਅਤੇ ਵਿਦੇਸ਼ੀ ਨੀਤੀ ਦੇ ਹਰ ਮੁੱਦੇ ਵਿਚ ਕੂਟਨੀਤਕ ਡਿਪਲੋਮੈਟ ਵਜੋਂ ਵੀ ਦਰਸਾਉਂਦੇ ਹਨ। ਇਸ ਲਈ ਰਿਪੋਰਟਾਂ ਅਨੁਸਾਰ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਉਹ ਬਾਈਡੇਨ ਵਲੋਂ ਸੈਕਟਰੀ ਆਫ਼ ਸਟੇਟ ਲਗਾਏ ਜਾ ਸਕਦੇ ਹਨ ਪਰ ਬਾਈਡਨ ਮੁਹਿੰਮ ਦੇ ਇਕ ਬੁਲਾਰੇ ਨੇ ਫਿਲਹਾਲ ਬਲਿੰਕੇਨ ਦੀ ਨਾਮਜ਼ਦਗੀ ਦੀ ਪੁਸ਼ਟੀ ਕਰਨ ਤੋਂ ਇਨਕਾਰ ਕੀਤਾ ਹੈ।