ਮੈਲਬੌਰਨ ''ਚ ਭੰਗੜਾ ਮੁਕਾਬਲੇ 26 ਸਤੰਬਰ ਨੂੰ , ਪੰਮੀ ਬਾਈ ਹੋਣਗੇ ਵਿਸ਼ੇਸ਼ ਮਹਿਮਾਨ

Wednesday, Sep 16, 2026 - 01:28 PM (IST)

ਮੈਲਬੌਰਨ ''ਚ ਭੰਗੜਾ ਮੁਕਾਬਲੇ 26 ਸਤੰਬਰ ਨੂੰ , ਪੰਮੀ ਬਾਈ ਹੋਣਗੇ ਵਿਸ਼ੇਸ਼ ਮਹਿਮਾਨ

ਮੈਲਬੌਰਨ (ਮਨਦੀਪ ਸਿੰਘ ਸੈਣੀ )- ਵਿਦੇਸ਼ਾਂ ਵਿੱਚ ਬੈਠੇ ਪੰਜਾਬੀਆਂ ਨੂੰ ਲੋਕ ਨਾਚਾਂ ਦੁਆਰਾ ਅਮੀਰ ਵਿਰਸੇ ਨਾਲ ਜੋੜਨ ਦੇ ਮੰਤਵ ਨਾਲ 'ਭੰਗੜਾ ਡਾਊਨ ਅੰਡਰ' ਨਾਮ ਹੇਠ 26 ਸਤੰਬਰ ਨੂੰ  ਭੰਗੜਾ ਮੁਕਾਬਲੇ ਕਰਵਾਏ ਜਾ ਰਹੇ ਹਨ। ਮੈਲਬੌਰਨ ਦੇ ਦੱਖਣ-ਪੂਰਬੀ ਇਲਾਕੇ ਨਾਰੇ ਵਾਰਨ ਸਥਿਤ 'ਬੰਜਿਲ ਪਲੇਸ ਥੀਏਟਰ'  ਵਿਖੇ ਹੋਣ ਵਾਲੇ ਇਸ ਸ਼ਾਨਦਾਰ ਸਮਾਗਮ ਵਿੱਚ ਆਸਟ੍ਰੇਲੀਆ ਦੇ ਵੱਖ-ਵੱਖ ਸ਼ਹਿਰਾਂ ਦੇ ਨਾਲ-ਨਾਲ ਨਿਊਜ਼ੀਲੈਂਡ ਤੋਂ ਵੀ ਚੋਟੀ ਦੀਆਂ 20 ਟੀਮਾਂ ਹਿੱਸਾ ਲੈਣ ਲਈ ਪਹੁੰਚ ਰਹੀਆਂ ਹਨ। ਇਹਨਾਂ ਟੀਮਾਂ ਦੇ 300 ਤੋਂ ਵੱਧ ਉਤਸ਼ਾਹੀ ਕਲਾਕਾਰ ਮੰਚ 'ਤੇ ਆਪਣੀ ਕਲਾ, ਸ਼ਾਨਦਾਰ ਤਾਲਮੇਲ, ਉੱਚ ਤਕਨੀਕ ਅਤੇ ਊਰਜਾਵਾਨ ਜੋਸ਼ ਦਾ ਪ੍ਰਦਰਸ਼ਨ ਕਰਨਗੇ। ਸਮਾਗਮ ਨੂੰ ਲੈ ਕੇ ਦਰਸ਼ਕਾਂ ਵਿੱਚ ਬਹੁਤ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।

ਸਮਾਗਮ ਦੇ ਮੁੱਖ ਪ੍ਰਬੰਧਕ ਤਨਵੀਰ ਬੇਦੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਵਾਰ ਮੁਕਾਬਲਿਆਂ ਨੂੰ ਪੰਜ ਮੁੱਖ ਸ਼੍ਰੇਣੀਆਂ ਵਿੱਚ ਵੰਡਿਆ ਗਿਆ ਹੈ, ਜਿਨ੍ਹਾਂ ਵਿੱਚ ਜੂਨੀਅਰ ਮਿਊਜ਼ਿਕ, ਜੂਨੀਅਰ ਪ੍ਰੀ-ਰਿਕਾਰਡਿਡ ਢੋਲ, ਸੀਨੀਅਰ ਮਿਊਜ਼ਿਕ, ਸੀਨੀਅਰ ਲਾਈਵ ਢੋਲ (ਮੁੰਡੇ) ਅਤੇ ਸੀਨੀਅਰ ਲਾਈਵ ਢੋਲ (ਕੁੜੀਆਂ) ਸ਼ਾਮਲ ਹਨ। ਜੂਨੀਅਰ ਵਰਗ ਵਿੱਚ 16 ਸਾਲ ਜਾਂ ਇਸ ਤੋਂ ਘੱਟ ਉਮਰ ਦੇ ਬੱਚੇ ਆਪਣੀ ਪ੍ਰਤਿਭਾ ਦਿਖਾਉਣਗੇ, ਜਦਕਿ ਸੀਨੀਅਰ ਵਰਗ ਲਈ ਕੋਈ ਉਮਰ ਸੀਮਾ ਤੈਅ ਨਹੀਂ ਕੀਤੀ ਗਈ ਹੈ। ਪ੍ਰਬੰਧਕਾਂ ਵੱਲੋਂ ਕਲਾ ਨੂੰ ਉਤਸ਼ਾਹਿਤ ਕਰਨ ਦੇ ਮਕਸਦ ਨਾਲ ਭਾਗ ਲੈਣ ਵਾਲੀਆਂ ਟੀਮਾਂ ਤੋਂ ਕੋਈ ਰਜਿਸਟ੍ਰੇਸ਼ਨ ਫ਼ੀਸ ਨਹੀਂ ਲਈ ਜਾ ਰਹੀ, ਜਿਸ ਕਾਰਨ ਦੇਸ਼-ਵਿਦੇਸ਼ ਤੋਂ ਬਹੁਤ ਹੀ ਮਜ਼ਬੂਤ ਟੀਮਾਂ ਇਸ ਵਾਰ ਆਹਮੋ-ਸਾਹਮਣੇ ਹੋਣਗੀਆਂ।

ਪੜ੍ਹੋ ਇਹ ਅਹਿਮ ਖ਼ਬਰ-  ਹੁਣ ਲੱਗਣ ਜਾ ਰਿਹੈ 'Smart Lockdown' ! ਗੁਆਂਢੀ ਮੁਲਕ ਦੀ ਸਰਕਾਰ ਨੇ ਖਿੱਚ ਲਈ ਤਿਆਰੀ

ਮੁਕਾਬਲਿਆਂ ਨੂੰ ਪੂਰੀ ਤਰ੍ਹਾਂ ਨਿਰਪੱਖ ਅਤੇ ਪਾਰਦਰਸ਼ੀ ਬਣਾਉਣ ਲਈ ਨਿਯਮਾਂ ਅਤੇ ਅੰਕ ਪ੍ਰਣਾਲੀ ਦਾ ਵੇਰਵਾ ਪਹਿਲਾਂ ਹੀ ਜਾਰੀ ਕਰ ਦਿੱਤਾ ਗਿਆ ਹੈ ਅਤੇ ਹਰੇਕ ਟੀਮ ਦੀ ਪੇਸ਼ਕਾਰੀ ਦੀ ਅਧਿਕਾਰਤ ਵੀਡੀਓ ਰਿਕਾਰਡਿੰਗ ਵੀ ਕੀਤੀ ਜਾਵੇਗੀ। ਇਸ ਵਾਰ ਜੱਜਾਂ ਦੀ ਭੂਮਿਕਾ ਡੀ. ਬਰਾੜ, ਕੁਲਦੀਪ ਸਿੰਘ ਸਿੱਧੂ ਅਤੇ ਹਰਦੀਪ ਸਿੰਘ ਸਹੋਤਾ ਵਰਗੀਆਂ ਮਾਹਰ ਸ਼ਖਸੀਅਤਾਂ ਨਿਭਾਉਣਗੀਆਂ, ਜਦਕਿ ‘ਭੰਗੜੇ ਦੇ ਬਾਦਸ਼ਾਹ’ ਵਜੋਂ ਜਾਣੇ ਜਾਂਦੇ ਪ੍ਰਸਿੱਧ ਪੰਜਾਬੀ ਲੋਕ ਗਾਇਕ ਪੰਮੀ ਬਾਈ ਸਮਾਗਮ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰਕੇ ਪ੍ਰਤੀਯੋਗੀਆਂ ਦੀ ਹੌਸਲਾ ਅਫ਼ਜ਼ਾਈ ਕਰਨਗੇ। ਜੇਤੂ ਟੀਮਾਂ ਤੋਂ ਇਲਾਵਾ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਵਿਅਕਤੀਗਤ ਕਲਾਕਾਰਾਂ ਨੂੰ ਵੀ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਸਾਲ 2013 ਵਿੱਚ ਮਾਤਰ 5 ਟੀਮਾਂ ਨਾਲ ਸ਼ੁਰੂ ਹੋਇਆ 'ਭੰਗੜਾ ਡਾਊਨ ਅੰਡਰ' ਅੱਜ ਆਸਟ੍ਰੇਲੀਆ ਦੀ ਧਰਤੀ 'ਤੇ ਪੰਜਾਬੀ ਸੱਭਿਆਚਾਰ ਦਾ ਇੱਕ ਬਹੁਤ ਵੱਡਾ ਅਤੇ ਸਫ਼ਲ ਮੰਚ ਬਣ ਕੇ ਉੱਭਰ ਚੁੱਕਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News