ਬੈਲਜੀਅਮ ਦੇ ''ਗੁਰਦੁਆਰਾ ਸਿੰਘ ਸਭਾ ਕਨੋਕੇ ਹੀਸਟ'' ਲਈ ਖਰੀਦੀ ਗਈ ਇਮਾਰਤ

03/01/2020 1:49:55 PM

ਰੋਮ/ਬਰਸਲਜ਼,( ਕੈਂਥ)— ਬੈਲਜੀਅਮ ਦੇ ਸਮੁੰਦਰੀ ਤੱਟ 'ਤੇ ਵਸੇ ਖ਼ੂਬਸੂਰਤ ਸ਼ਹਿਰ ਕਨੋਕੇ ਹੀਸਟ ਦੀਆਂ ਸੰਗਤਾਂ ਨੇ ਗੁਰਦਵਾਰਾ ਸਾਹਿਬ ਲਈ ਉਹੀ ਇਮਾਰਤ ਖਰੀਦ ਲਈ ਹੈ ਜਿੱਥੇ ਕਿਰਾਏ 'ਤੇ ਜਗ੍ਹਾ ਲੈ ਕੇ ਹਫਤਾਵਾਰੀ ਸਮਾਗਮ ਕਰਵਾਏ ਜਾਂਦੇ ਸਨ। ਕਨੋਕੇ ਸੈਲਾਨੀ ਸ਼ਹਿਰ ਹੈ, ਜਿਸ ਕਰਕੇ ਇੱਥੇ ਰਹਿੰਦੇ ਬਹੁਤੇ ਪੰਜਾਬੀ ਰੈਸਟੋਰੈਂਟਾਂ ਵਿੱਚ ਕੰਮ ਕਰਦੇ ਹਨ। ਇਸ ਕਾਰਨ ਹਫਤਾਵਾਰੀ ਦੀਵਾਨ ਐਤਵਾਰ ਦੀ ਬਜਾਏ ਬੁੱਧਵਾਰ ਨੂੰ ਹੀ ਸਜਾਏ ਜਾਂਦੇ ਹਨ।

ਸ਼ਹਿਰ ਅਤੇ ਆਲੇ-ਦੁਆਲੇ ਸਿਰਫ ਸੌ ਕੁ ਪੰਜਾਬੀ ਪਰਿਵਾਰ ਹੀ ਰਹਿੰਦੇ ਹਨ, ਜਿਨ੍ਹਾਂ ਨੇ ਸਾਲ 2014 'ਤੋਂ ਇਕੱਠੇ ਹੋ ਕੇ ਮਹੀਨਾਵਾਰੀ ਅਤੇ ਫਿਰ ਹਫਤਾਵਾਰੀ ਦੀਵਾਨ ਸਜਾਉਣ ਦਾ ਉਪਰਾਲਾ ਸ਼ੁਰੂ ਕੀਤਾ ਹੋਇਆ ਹੈ। ਹੁਣ ਸੰਗਤਾਂ ਨੇ ਹੰਭਲਾ ਮਾਰਦਿਆਂ ਗੁਰਦੁਆਰਾ ਸਾਹਿਬ ਲਈ ਪੌਣੇ 4 ਲੱਖ ਯੂਰੋ (ਤਕਰੀਬਨ 3 ਕਰੋੜ ਭਾਰਤੀ ਰੁਪਏ) ਦੀ ਇਹ ਇਮਾਰਤ ਮੁੱਲ ਹੀ ਖ਼ਰੀਦ ਲਈ ਹੈ। ਇਸ ਤੋਂ ਪਹਿਲਾਂ ਵੀ ਇੱਕ ਇਮਾਰਤ ਖਰੀਦੀ ਗਈ ਸੀ ਪਰ ਉੱਥੇ ਕੁੱਝ ਗੁਆਂਢੀ ਗੋਰਿਆਂ ਕਾਰਨ ਅਜੇ ਕੰਮ ਅਧੂਰਾ ਹੈ।


Related News