ਬੈਲਜੀਅਮ : ਪੈਰਿਸ ਦੀ ਰੈਲੀ ''ਚ ਬੰਬ ਲਾਉਣ ਦੇ ਦੋਸ਼ ''ਚ ਈਰਾਨੀ ਡਿਪਲੋਮੈਟ ਨੂੰ 20 ਸਾਲ ਦੀ ਜੇਲ੍ਹ

Friday, Feb 05, 2021 - 09:26 AM (IST)

ਬੈਲਜੀਅਮ : ਪੈਰਿਸ ਦੀ ਰੈਲੀ ''ਚ ਬੰਬ ਲਾਉਣ ਦੇ ਦੋਸ਼ ''ਚ ਈਰਾਨੀ ਡਿਪਲੋਮੈਟ ਨੂੰ 20 ਸਾਲ ਦੀ ਜੇਲ੍ਹ

ਤਹਿਰਾਨ- ਅੰਡਰਕਵਰ ਸੀਕਰਟ ਏਜੰਟ ਦੇ ਰੂਪ ਵਿਚ ਪਛਾਣੇ ਗਏ ਇਕ ਈਰਾਨੀ ਡਿਪਲੋਮੈਟ ਅਸਦੁੱਲਾਹ ਅਸਾਦੀ ਨੂੰ ਬੈਲਜੀਅਮ ਵਿਚ ਵੀਰਵਾਰ ਨੂੰ ਬੰਬ ਧਮਾਕੇ ਦੀ ਸਾਜਸ਼ ਰਚਣ ਦੇ ਦੋਸ਼ ਵਿਚ ਸਜ਼ਾ ਸੁਣਾਈ ਗਈ ਹੈ। ਜਾਣਕਾਰੀ ਮੁਤਾਬਕ ਫਰਾਂਸ ਵਿਚੋਂ ਕੱਢੇ ਗਏ ਈਰਾਨੀ ਵਿਰੋਧੀ ਪੱਖ ਸਮੂਹ ਵਲੋਂ ਆਯੋਜਿਤ ਰੈਲੀ ਵਿਚ ਅਸਦੁੱਲਾਹ ਅਸਾਦੀ ਨੂੰ ਬੰਬ ਧਮਾਕਾ ਕਰਨ ਦੀ ਸਾਜਸ਼ ਰਚਣ ਲਈ ਦੋਸ਼ੀ ਠਹਿਰਾਇਆ ਗਿਆ ਅਤੇ ਉਸ ਨੂੰ 20 ਸਾਲ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। 

ਬੈਲਜੀਅਮ ਦੀ ਇਕ ਅਦਾਲਤ ਨੇ ਵਿਆਨਾ ਵਿਚ ਰਹਿਣ ਵਾਲੇ ਅਧਿਕਾਰੀ ਵਲੋਂ ਡਿਪਲੋਮੈਟਿਕ ਸੁਰੱਖਿਆ ਦੇ ਦਾਅਵੇ ਨੂੰ ਖਾਰਜ ਕਰ ਦਿੱਤਾ । 49 ਸਾਲਾ ਅਸਦੁੱਲਾਹ ਅਸਾਦੀ ਵਿਆਨਾ ਸਥਿਤ ਈਰਾਨੀ ਦੂਤਘਰ ਵਿਚ ਕੰਮ ਕਰਦਾ ਸੀ ਅਤੇ ਉਸ ਨੂੰ ਬੈਲਜੀਅਮ ਵਿਚ ਐਂਟਵਰਪ ਕੋਰਟ ਨੇ 20 ਸਾਲ ਦੀ ਸਜ਼ਾ ਸੁਣਾਈ ਹੈ। 

ਅਸਦੁੱਲਾਹ ਅਸਾਦੀ ਨੇ ਦੋਸ਼ਾਂ ਦਾ ਸਾਹਮਣਾ ਕੀਤਾ ਅਤੇ ਪਿਛਲੇ ਸਾਲ ਆਪਣੇ ਟ੍ਰਾਇਲ ਦੌਰਾਨ ਗਵਾਹੀ ਦੇਣ ਤੋਂ ਇਨਕਾਰ ਕਰ ਦਿੱਤਾ, ਜਿਸ ਨਾਲ ਉਨ੍ਹਾਂ ਦੀ ਡਿਪਲੋਮੈਟਿਕ ਸਥਿਤੀ ਦਾ ਪਤਾ ਲੱਗਾ। ਉਹ ਐਂਟਵਰਪ ਕੋਰਟ ਹਾਊਸ ਵਿਚ ਵੀਰਵਾਰ ਦੀ ਸੁਣਵਾਈ ਵਿਚ ਵੀ ਸ਼ਾਮਲ ਨਹੀਂ ਹੋਏ। 

ਇਸਤਗਾਸਾ ਪੱਖ ਨੇ ਕਤਲ ਦੀ ਕੋਸ਼ਿਸ਼ ਅਤੇ ਅੱਤਵਾਦੀ ਸਮੂਹ ਦੀਆਂ ਗਤੀਵਿਧੀਆਂ ਵਿਚ ਹਿੱਸੇਦਾਰੀ ਦੇ ਦੋਸ਼ ਵਿਚ ਵੱਧ ਤੋਂ ਵੱਧ 20 ਸਾਲ ਦੀ ਜੇਲ੍ਹ ਦੀ ਸਜ਼ਾ ਦੀ ਅਪੀਲ ਕੀਤੀ ਸੀ। ਬਚਾਅ ਪੱਖ ਦੇ ਵਕੀਲ ਦਿਮਿਤਰੀ ਡੀ ਬੇਕੋ ਨੇ ਕਿਹਾ ਕਿ ਅਸਾਦੀ ਸਜ਼ਾ ਖ਼ਿਲਾਫ਼ ਅਪੀਲ ਕਰ ਸਕਦੇ ਹਨ।

ਮਾਮਲੇ ਵਿਚ ਤਿੰਨ ਹੋਰਾਂ ਨੂੰ ਵੀ ਬੰਬ ਧਮਾਕਾ ਕਰਨ ਦੀ ਯੋਜਨਾ ਬਣਾਉਣ ਦਾ ਦੋਸ਼ੀ ਪਾਇਆ ਗਿਆ ਅਤੇ ਅਦਾਲਤ ਨੇ ਕਿਹਾ ਕਿ ਉਹ ਇਕ ਹੀ ਨੈੱਟਵਰਕ ਨਾਲ ਜੁੜੇ ਸਨ। ਇਨ੍ਹਾਂ ਨੂੰ ਜਰਮਨੀ, ਫਰਾਂਸ ਅਤੇ ਬੈਲਜੀਅਮ ਦੀ ਪੁਲਸ ਨੇ ਸਾਂਝੇ ਆਪਰੇਸ਼ਨ ਦੌਰਾਨ ਗ੍ਰਿਫ਼ਤਾਰ ਕੀਤਾ ਸੀ। ਹਾਲਾਂਕਿ, ਈਰਾਨ ਇਨ੍ਹਾਂ ਦੋਸ਼ਾਂ ਤੋਂ ਲਗਾਤਾਰ ਇਨਕਾਰ ਕਰਦਾ ਰਿਹਾ ਹੈ ਤੇ ਇਸ ਨੂੰ ਸਾਜਸ਼ ਕਰਾਰ ਦਿੰਦਾ ਰਿਹਾ ਹੈ। 
ਇਹ ਵੀ ਪੜ੍ਹੋ-  ਈਰਾਨ ਨੇ ਕੀਤੀ ਪਾਕਿਸਤਾਨ 'ਚ ਸਰਜੀਕਲ ਸਟ੍ਰਾਈਕ, ਸੁਰੱਖਿਅਤ ਛੁਡਾਏ ਆਪਣੇ ਫ਼ੌਜੀ

ਅਜਿਹਾ ਪਹਿਲੀ ਵਾਰ ਹੈ ਜਦ ਕਿਸੇ ਈਰਾਨੀ ਅਧਿਕਾਰੀ 'ਤੇ 1979 ਦੀ ਕ੍ਰਾਂਤੀ ਦੇ ਬਾਅਦ ਯੂਰਪੀ ਸੰਘ ਵਿਚ ਇਸ ਤਰ੍ਹਾਂ ਦੇ ਦੋਸ਼ ਲੱਗੇ ਹਨ। ਅਸਾਦੀ ਦੇ ਇਲਾਵਾ 3 ਹੋਰ ਦੋਸ਼ੀਆਂ ਨੂੰ ਕ੍ਰਮਵਾਰ 15, 18 ਅਤੇ 17 ਸਾਲ ਦੀ ਜੇਲ੍ਹ ਦੀ ਸਜ਼ਾ ਮਿਲੀ ਹੈ। 
►ਇਸ ਖ਼ਬਰ ਸਬੰਧੀ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਇ


author

Lalita Mam

Content Editor

Related News