ਬੈਲਜੀਅਮ ਦੇ ਵਿਦੇਸ਼ ਮੰਤਰੀ ਨੇ ਵਿਸ਼ਵ ਕੱਪ ਦੌਰਾਨ ''ਵਨ ਲਵ'' ਆਰਮਬੈਂਡ ਪਹਿਨਿਆ
Thursday, Nov 24, 2022 - 02:40 PM (IST)
ਦੋਹਾ (ਭਾਸ਼ਾ)- ਬੈਲਜੀਅਮ ਦੀ ਵਿਦੇਸ਼ ਮੰਤਰੀ ਹਦਜਾ ਲਹਬੀਬ ਨੇ ਕੈਨੇਡਾ ਖ਼ਿਲਾਫ਼ ਆਪਣੇ ਦੇਸ਼ ਦੇ ਵਿਸ਼ਵ ਕੱਪ ਮੈਚ ਦੌਰਾਨ ਜਦੋਂ ਫੀਫਾ ਦੇ ਪ੍ਰਧਾਨ ਗਿਆਨੀ ਇਨਫੈਂਟੀਨੋ ਨਾਲ ਮੁਲਾਕਾਤ ਕੀਤੀ ਤਾਂ ਉਸ ਸਮੇਂ ਉਨ੍ਹਾਂ ਨੇ ‘ਵਨ ਲਵ’ ਆਰਮਬੈਂਡ ਪਾਇਆ ਹੋਇਆ ਸੀ। ਬੁੱਧਵਾਰ ਨੂੰ ਲਹਬੀਬ ਦੀ ਇੱਕ ਤਸਵੀਰ ਸਾਹਮਣੇ ਆਈ, ਜਿਸ ਵਿੱਚ ਉਨ੍ਹਾਂ ਨੇ ਰੰਗੀਨ ਆਰਮਬੈਂਡ ਪਾਇਆ ਹੋਇਆ ਹੈ। ਇਸ ਤਰ੍ਹਾਂ ਦੇ ਆਰਮਬੈਂਡ ਨੂੰ ਅਨੇਕਤਾ ਵਿੱਚ ਏਕਤਾ ਦਾ ਪ੍ਰਤੀਕ ਮੰਨਿਆ ਜਾਂਦਾ ਹੈ।
ਵਿਸ਼ਵ ਫੁੱਟਬਾਲ ਦੀ ਸਰਵਉੱਚ ਸੰਸਥਾ ਫੀਫਾ ਨੇ ਬੈਲਜੀਅਮ ਸਮੇਤ 7 ਯੂਰਪੀ ਦੇਸ਼ਾਂ ਦੇ ਕਪਤਾਨਾਂ ਨੂੰ ਅਜਿਹੇ ਆਰਮਬੈਂਡ ਬੰਨ੍ਹਣ 'ਤੇ ਰੋਕ ਦਿੱਤਾ ਸੀ। ਉਹ ਵਿਸ਼ਵ ਕੱਪ ਮੇਜ਼ਬਾਨ ਕਤਰ ਦੇ ਮਨੁੱਖੀ ਅਧਿਕਾਰਾਂ ਦੇ ਖ਼ਰਾਬ ਰਿਕਾਰਡ ਦੀ ਨਿੰਦਾ ਕਰਨ ਲਈ ਇਸ ਨੂੰ ਪਹਿਨਣਾ ਚਾਹੁੰਦੇ ਸਨ। ਲਹਬੀਬ ਨੇ ਟਵਿੱਟਰ 'ਤੇ ਇਕ ਤਸਵੀਰ ਪੋਸਟ ਕੀਤੀ ਹੈ, ਜਿਸ ਵਿਚ ਉਨ੍ਹਾਂ ਨੇ ਆਪਣੀ ਖੱਬੀ ਬਾਂਹ 'ਤੇ ਆਰਮਬੈਂਡ ਪਾਇਆ ਹੋਇਆ ਹੈ। ਫੀਫਾ ਨੇ ਯੂਰਪ ਦੀਆਂ 7 ਫੁੱਟਬਾਲ ਫੈੱਡਰੇਸ਼ਨਾਂ ਨੂੰ ਚੇਤਾਵਨੀ ਦਿੱਤੀ ਸੀ ਕਿ ਜੇਕਰ ਉਨ੍ਹਾਂ ਦੇ ਖਿਡਾਰੀਆਂ ਨੇ ਅਜਿਹੇ ਆਰਮਬੈਂਡ ਬੰਨ੍ਹੇ ਤਾਂ ਉਨ੍ਹਾਂ ਨੂੰ ਸਜ਼ਾ ਦਿੱਤੀ ਜਾਵੇਗੀ।