ਬੈਲਜੀਅਮ : ਹਸਪਤਾਲ ਪੁੱਜੀ ਪੀ. ਐੱਮ. ਸੋਫੀ ਤਾਂ ਸਿਹਤ ਕਰਮਚਾਰੀਆਂ ਨੇ ਫੇਰ ਲਿਆ ਮੂੰਹ

05/19/2020 1:10:10 PM

ਬਰਸਲਜ਼- ਬੈਲਜੀਅਮ ਦੀ ਪ੍ਰਧਾਨ ਮੰਤਰੀ ਸੋਫੀ ਵਿਲਮੇਸ ਜਦ ਆਪਣੀ ਅਧਿਕਾਰਕ ਯਾਤਰਾ ਦੌਰਾਨ ਬਰਸਲਜ਼ ਦੇ ਸੈਂਟ ਪੀਟਰ ਹਸਪਤਾਲ ਪੁੱਜੀ ਤਾਂ ਮੈਡੀਕਲ ਕਰਮਚਾਰੀਆਂ ਨੇ ਗਰਮਜੋਸ਼ੀ ਨਾਲ ਉਨ੍ਹਾਂ ਦਾ ਸਵਾਗਤ ਕਰਨ ਦੀ ਥਾਂ ਉਨ੍ਹਾਂ ਤੋਂ ਮੂੰਹ ਫੇਰ ਲਿਆ, ਡਾਕਟਰਾਂ ਅਤੇ ਸਿਹਤ ਕਰਮਚਾਰੀਆਂ ਨੇ ਉਨ੍ਹਾਂ ਵੱਲ ਦੇਖਿਆ ਤਕ ਨਹੀਂ। ਉਹ ਇੱਥੇ ਸਿਹਤ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਪੁੱਜੀ ਸੀ।

ਅਸਲ ਵਿਚ ਵਿਲਮੇਸ ਦਾ ਕਾਫਲਾ ਜਦ ਹਸਪਤਾਲ ਪੁੱਜਾ ਤਾਂ ਕਰਮਚਾਰੀ ਕੋਰੀਡੋਰ ਦੇ ਦੋਹਾਂ ਪਾਸੇ ਲਾਈਨ ਵਿਚ ਪ੍ਰਧਾਨ ਮੰਤਰੀ ਵੱਲ ਪਿੱਠ ਕਰਕੇ ਖੜ੍ਹੇ ਹੋ ਗਏ। ਮੈਡੀਕਲ ਸਟਾਫ ਦੀ ਇਹ ਨਾਰਾਜ਼ਗੀ ਪੀ. ਪੀ. ਈ. ਸੂਟ ਅਤੇ ਹੋਰ ਸੁਰੱਖਿਆ ਉਪਕਰਣਾਂ ਦੀ ਕਮੀ ਨੂੰ ਲੈ ਕੇ ਸੀ। ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।

PunjabKesari

ਘਟਨਾ ਦਾ ਵੀਡੀਓ ਇਕ ਪੱਤਰਕਾਰ ਨੇ ਸਾਂਝਾ ਕਰਦੇ ਹੋਏ ਲਿਖਿਆ- "ਸੈਂਟ ਪੀਟਰ ਹਸਪਤਾਲ ਵਿਚ ਪ੍ਰਧਾਨ ਮੰਤਰੀ ਸੋਫੀ ਵਿਲਮੇਸ ਦਾ ਵਿਰੋਧ।" ਬਰਸਲਸ ਟਾਈਮਜ਼ ਦੀ ਰਿਪੋਰਟ ਮੁਤਾਬਕ ਅਜਿਹਾ ਕੋਵਿਡ-19 ਸੰਕਟ ਵਿਚਕਾਰ ਮੈਡੀਕਲ ਸਿਹਤ ਕਰਮਚਾਰੀਆਂ ਪ੍ਰਤੀ ਸਰਕਾਰ ਦੇ ਦ੍ਰਿਸ਼ਟੀਕੋਣ ਕਾਰਨ ਹੋਇਆ ਹੈ। ਇੱਥੇ ਕੋਰੋਨਾ ਕਾਰਨ 9 ਹਜ਼ਾਰ ਲੋਕਾਂ ਦੀ ਮੌਤ ਹੋਈ ਹੈ। 
ਸਿਹਤ ਕਰਮਚਾਰੀ ਘੱਟ ਤਨਖਾਹ, ਘੱਟ ਬਜਟ ਅਤੇ ਸਿਖਲਾਈ ਪ੍ਰਾਪਤ ਨਰਸਾਂ ਦੀ ਥਾਂ ਸਸਤੇ ਵਿਚ ਲੋਕਾਂ ਨੂੰ ਭਰਤੀ ਕਰਨ ਖਿਲਾਫ ਹਨ। ਕੁਝ ਲੋਕ ਸਰਕਾਰ ਦੇ ਰਵੱਈਏ ਪ੍ਰਤੀ ਨਿਰਾਸ਼ ਹਨ ਤਾਂ ਕੁਝ ਨੇ ਸਿਹਤ ਕਰਮਚਾਰੀਆਂ ਦੇ ਇਸ ਅਨੋਖੇ ਵਿਰੋਧ ਦੀ ਸਿਫਤ ਕੀਤੀ ਹੈ। ਦੱਸ ਦਈਏ ਕਿ ਬੈਲਜੀਅਮ ਵਿਚ ਕੋਰੋਨਾ ਵਾਇਰਸ ਦੇ 55,200 ਮਾਮਲੇ ਸਾਹਮਣੇ ਆਏ ਹਨ। 


Lalita Mam

Content Editor

Related News