ਬੇਲਾਰੂਸ : ਤਾਨਾਸ਼ਾਹ ਦੀ ਜਿੱਤ ''ਤੇ ਗੁੱਸੇ ''ਚ ਆਏ ਲੋਕ

08/11/2020 12:07:16 AM

ਮਿੰਸਕ - ਬੇਲਾਰੂਸ ਵਿਚ ਰਾਸ਼ਟਰਪਤੀ ਚੋਣਾਂ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਹੁਣ ਹਮਲਾਵਰ ਰੂਪ ਲੈ ਚੁੱਕੇ ਹਨ। ਐਤਵਾਰ ਨੂੰ ਵੋਟਿੰਗ ਖਤਮ ਹੋਣ ਤੋਂ ਬਾਅਦ ਐਗਜ਼ਿਟ ਪੋਲ ਵਿਚ ਦਾਅਵਾ ਕੀਤਾ ਗਿਆ ਕਿ ਰਾਸ਼ਟਰਪਤੀ ਅਲੇਗਜੇਂਡਰ ਲੂਕਾਸ਼ੇਂਕੋ ਨੂੰ 80 ਫੀਸਦੀ ਵੋਟਾਂ ਮਿਲੀਆਂ ਹਨ ਜਦਕਿ ਉਨ੍ਹਾਂ ਦੀ ਵਿਰੋਧੀ ਸਵੇਤਲਾਨਾ ਤਿਕਾਨੋਵਸਕਾਯਾ ਨੂੰ ਸਿਰਫ 7 ਫੀਸਦੀ ਵੋਟਾਂ ਮਿਲੀਆਂ। ਇਸ ਤੋਂ ਬਾਅਦ ਵੱਡੀ ਗਿਣਤੀ ਵਿਚ ਲੋਕ ਵਿਰੋਧ ਪ੍ਰਦਰਸ਼ਨ ਕਰਨ ਸੜਕਾਂ 'ਤੇ ਉਤਰ ਆਏ। ਲੂਕਾਸ਼ੇਂਕੋ 1994 ਤੋਂ ਲੈ ਕੇ ਹੁਣ ਤੱਕ ਰਾਸ਼ਟਰਪਤੀ ਦੇ ਅਹੁਦੇ 'ਤੇ ਕਾਬਿਜ਼ ਹਨ ਅਤੇ ਉਨ੍ਹਾਂ ਨੂੰ ਯੂਰਪ ਦਾ ਆਖਰੀ ਤਾਨਾਸ਼ਾਹ ਤੱਕ ਕਿਹਾ ਜਾਣ ਲੱਗਾ ਹੈ।

ਚੋਣਾਂ ਵਿਚ ਫਰਜ਼ੀਵਾੜਾ
ਲੋਕਾਂ ਦਾ ਦੋਸ਼ ਹੈ ਕਿ ਚੋਣਾਂ ਵਿਚ ਫਰਜ਼ੀਵਾੜਾ ਕੀਤਾ ਗਿਆ ਹੈ। ਇਨਾਂ ਲੋਕਾਂ 'ਤੇ ਪੁਲਸ ਨੇ ਹੰਝੂ ਗੈਸ ਅਤੇ ਗ੍ਰੇਨੇਡ ਤੱਕ ਦਾ ਇਸਤੇਮਾਲ ਕੀਤਾ ਜਿਸ ਦੀ ਕਾਫੀ ਆਲੋਚਨਾ ਹੋ ਰਹੀ ਹੈ। ਚੋਣਾਂ ਦੇ ਨਤੀਜੇ ਸੋਮਵਾਰ ਸ਼ਾਮ ਨੂੰ ਆਉਣਗੇ। ਐਤਵਾਰ ਨੂੰ ਵੋਟਿੰਗ ਤੋਂ ਬਾਅਦ ਬੇਲਾਰੂਸ ਦੇ ਕੇਂਦਰੀ ਚੋਣ ਕਮਿਸ਼ਨ ਨੇ ਦੱਸਿਆ ਕਿ ਲੂਕਾਸ਼ੇਂਕੋ 5 ਖੇਤਰਾਂ ਵਿਚੋਂ 82 ਫੀਸਦੀ ਦੇ ਨਾਲ ਅੱਗ ਚੱਲ ਰਹੇ ਸੀ। ਉਥੇ, ਐਗਜ਼ਿਟ ਪੋਲ ਮੁਤਾਬਕ ਲੂਕਾਸ਼ੇਂਕੋ ਨੂੰ 80 ਫੀਸਦੀ ਵੋਟਾਂ ਮਿਲੀਆਂ ਸਨ ਜਦਕਿ ਸਵੇਤਲਾਨਾ ਨੂੰ ਸਿਰਫ 7 ਫੀਸਦੀ।

ਰਾਜਥਾਨੀ ਦੀਆਂ ਸੜਕਾਂ 'ਤੇ ਤਣਾਅਪੂਰਣ ਸਥਿਤੀ
ਇਸ ਤੋਂ ਬਾਅਦ ਸਵੇਤਲਾਨਾ ਨੇ ਇਕ ਪ੍ਰੈੱਸ ਕਾਨਫਰੰਸ ਵਿਚ ਕਿਹਾ ਕਿ ਇਹ ਨਤੀਜੇ ਸਹੀ ਨਹੀਂ ਹਨ। ਉਨ੍ਹਾਂ ਦੇ ਅਭਿਆਨ ਮੁਤਾਬਕ ਉਨ੍ਹਾਂ ਨੇ ਮਿੰਸਕ ਵਿਚ ਕਈ ਪੋਲਿੰਗ ਸਟੇਸ਼ਨਾਂ 'ਤੇ ਜਿੱਤ ਦਰਜ ਕੀਤੀ ਹੈ। ਉਥੇ ਮਾਨਿਟਰਿੰਗ ਆਰਗੇਨਾਈਜੇਸ਼ਨ ਗੋਲੋਸ ਦਾ ਆਖਣਾ ਹੈ ਕਿ ਉਸ ਨੇ ਘਟੋਂ-ਘੱਟ 10 ਲੱਖ ਬੈਲਟ ਗਿਣੇ ਹਨ ਅਤੇ ਉਸ ਮੁਤਾਬਕ ਸਵੇਤਲਾਨਾ ਨੂੰ 80 ਫੀਸਦੀ ਵੋਟਾਂ ਮਿਲੀਆਂ ਹਨ। ਐਗਜ਼ਿਟ ਪੋਲ ਦੇ ਆਉਣ ਤੋਂ ਬਾਅਦ ਐਤਵਾਰ ਦੇਰ ਰਾਤ ਰਾਜਧਾਨੀ ਮਿੰਸਕ ਦਾ ਮਾਹੌਲ ਬੇਹੱਦ ਤਣਾਅਪੂਰਣ ਰਿਹਾ। ਪੁਲਸ ਪ੍ਰਦਰਸ਼ਨਕਾਰੀਆਂ ਨਾਲ ਸਖਤੀ ਨਾਲ ਨਜਿੱਠਦੀ ਨਜ਼ਰ ਆਈ।

ਚੱਲੀਆਂ ਲਾਠੀਆਂ
ਪ੍ਰਦਰਸ਼ਨਕਾਰੀਆਂ 'ਤੇ ਲਾਠੀਚਾਰਜ ਕੀਤਾ ਗਿਆ ਹੈ ਅਤੇ ਉਨ੍ਹਾਂ ਨੂੰ ਭਜਾਉਣ ਲਈ ਫਲੈਸ਼-ਬੈਂਗ ਗ੍ਰੇਨੇਡ ਦਾ ਇਸਤੇਮਾਲ ਵੀ ਕੀਤਾ ਗਿਆ। ਮੰਨਿਆ ਜਾ ਰਿਹਾ ਹੈ ਕਿ ਇਥੇ ਅਜਿਹੇ ਹਾਲਾਤ ਪਹਿਲਾਂ ਕਦੇ ਨਹੀਂ ਹੋਏ ਹਨ ਅਤੇ ਲੋਕ ਗੁੱਸੇ ਵਿਚ ਹਨ। ਉਹ ਸੜਕਾਂ 'ਤੇ ਗੁੱਸੇ ਦੇ ਨਾਲ ਉਤਰੇ ਹਨ ਪਰ ਪੁਲਸ ਹਰ ਕਿਸੇ ਨੂੰ ਹਿਰਾਸਤ ਵਿਚ ਲੈ ਰਹੀ ਹੈ। ਕਈ ਥਾਂਵਾਂ 'ਤੇ ਹੰਝੂ ਗੈਸ ਦਾ ਇਸਤੇਮਾਲ ਵੀ ਕੀਤਾ ਗਿਆ ਹੈ। ਕਈ ਥਾਂਵਾਂ 'ਤੇ ਪ੍ਰਦਰਸ਼ਨਕਾਰੀ ਜ਼ਖਮੀ ਹੋਏ ਹਨ ਜਿਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਹੈ।
 


Khushdeep Jassi

Content Editor

Related News