ਸਕੂਲ ''ਚ ਕੋਵਿਡ-19 ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਅਲਰਟ ''ਤੇ ਬੀਜਿੰਗ
Saturday, Apr 23, 2022 - 02:12 PM (IST)
ਬੀਜਿੰਗ (ਏਜੰਸੀ)- ਬੀਜਿੰਗ ਵਿੱਚ ਮਿਡਲ ਸਕੂਲ ਦੇ 10 ਵਿਦਿਆਰਥੀਆਂ ਦੇ ਕੋਰੋਨਾ ਵਾਇਰਸ ਪਾਜ਼ੇਟਿਵ ਹੋਣ ਦੇ ਬਾਅਦ ਸ਼ਹਿਰ ਵਿਚ ਚੌਕਸੀ ਵਧਾ ਦਿੱਤੀ ਗਈ ਹੈ। ਕੋਵਿਡ-19 ਦੇ ਜਾਂਚ ਵਿਚ ਸੰਕ੍ਰਮਣ ਦੀ ਪੁਸ਼ਟੀ ਹੋਣ ਤੋਂ ਬਾਅਦ ਸ਼ਹਿਰ ਦੇ ਅਧਿਕਾਰੀਆਂ ਨੇ ਸਕੂਲ ਵਿੱਚ ਕਲਾਸਾਂ ਨੂੰ ਇੱਕ ਹਫ਼ਤੇ ਲਈ ਮੁਅੱਤਲ ਕਰ ਦਿੱਤਾ ਹੈ।
ਚੀਨ ਦੀ ਰਾਜਧਾਨੀ ਵਿੱਚ ਸ਼ੁੱਕਰਵਾਰ ਨੂੰ ਵੀ ਸੰਕਰਮਣ ਦੇ 4 ਮਾਮਲੇ ਸਾਹਮਣੇ ਆਏ, ਜਿਨ੍ਹਾਂ ਦੀ ਵੱਖਰੇ ਤੌਰ 'ਤੇ ਗਿਣਤੀ ਕੀਤੀ ਗਈ ਸੀ। ਚੀਨ ਵਿੱਚ ਸ਼ਨੀਵਾਰ ਨੂੰ ਸੰਕ੍ਰਮਣ ਦੇ 24,326 ਨਵੇਂ ਮਾਮਲੇ ਸਾਹਮਣੇ ਆਏ, ਜੋ ਕਿ ਸਥਾਨਕ ਪੱਧਰ 'ਤੇ ਹੋਏ ਸੰਕ੍ਰਮਣ ਦੇ ਹਨ। ਇਨ੍ਹਾਂ 'ਚੋਂ ਜ਼ਿਆਦਾਤਰ ਮਾਮਲੇ ਅਜਿਹੇ ਹਨ, ਜਿਨ੍ਹਾਂ 'ਚ ਮਰੀਜ਼ਾਂ 'ਚ ਬੀਮਾਰੀ ਦੇ ਲੱਛਣ ਨਹੀਂ ਹਨ। ਜ਼ਿਆਦਾਤਰ ਮਾਮਲੇ ਸ਼ੰਘਾਈ ਤੋਂ ਹਨ। ਸਥਾਨਕ ਮੀਡੀਆ ਨੇ ਦੱਸਿਆ ਕਿ ਬੀਜਿੰਗ ਦੇ ਚਾਓਯਾਂਗ ਜ਼ਿਲੇ ਵਿਚ, ਸਰਕਾਰ ਨੇ ਸਕੂਲ ਦੀਆਂ ਗਤੀਵਿਧੀਆਂ ਅਤੇ ਕਲਾਸਾਂ ਨੂੰ ਮੁਅੱਤਲ ਕਰਨ ਦੇ ਹੁਕਮ ਦਿੱਤੇ ਹਨ। ਸਰਕਾਰ ਹੁਣ ਕੋਵਿਡ ਦੇ ਹੋਰ ਮਾਮਲਿਆਂ ਦਾ ਪਤਾ ਲਗਾਉਣ ਲਈ ਵੱਡੇ ਪੱਧਰ 'ਤੇ ਜਾਂਚ ਕਰ ਰਹੀ ਹੈ।