ਸਮਾਜ ਸੇਵੀ ਸੰਸਥਾ ਬੇਗਮਪੁਰਾ ਏਡ ਇੰਟਰਨੈਸ਼ਨਲ ਤੁਰਕੀ ਦੇ ਭੂਚਾਲ ਪੀੜਤਾਂ ਦੀ ਕਰੇਗੀ ਮਦਦ
Thursday, Apr 13, 2023 - 01:16 AM (IST)
ਰੋਮ (ਕੈਂਥ) : ਯੂਰਪ ਦੀ ਪ੍ਰਸਿੱਧ ਸਮਾਜ ਸੇਵੀ ਸੰਸਥਾ ਬੇਗਮਪੁਰਾ ਏਡ ਇੰਟਰਨੈਸ਼ਨਲ ਦੇ ਮੁੱਖ ਸੇਵਾਦਾਰ ਭਾਈ ਰਾਮ ਸਿੰਘ ਮੈਂਗੜਾ ਵੱਲੋਂ ਇਕ ਅਹਿਮ ਮੀਟਿੰਗ ਬੁਲਾਈ ਗਈ, ਜਿਸ ਵਿੱਚ ਫਰਾਂਸ ਦੇ ਸੀਨੀਅਰ ਮੈਂਬਰ ਅਤੇ ਹਾਲੈਂਡ ਟੀਮ ਦੇ ਸੀਨੀਅਰ ਮੈਂਬਰਾਂ ਨੇ ਟੈਲੀਫ਼ੋਨ 'ਤੇ ਆਪਣੀ ਹਾਜ਼ਰੀ ਲਗਵਾਈ। ਮੀਟਿੰਗ 'ਚ ਮੈਂਬਰ ਸਾਹਿਬਾਨ ਨੇ ਵੀ ਹਿੱਸਾ ਲਿਆ। ਸੰਸਥਾ ਵੱਲੋਂ (ਮਨੁੱਖਤਾ ਦੀ ਸੇਵਾ ਹੀ ਉੱਤਮ ਧਰਮ ਹੈ) ਤਕਰੀਬਨ ਹਰ ਰੋਜ਼ ਇੰਟਰਨੈਸ਼ਨਲ ਪੱਧਰ 'ਤੇ ਕੀਤੀਆਂ ਜਾ ਰਹੀਆਂ ਸੇਵਾਵਾਂ ਅਤੇ ਸੰਸਥਾ ਨੂੰ ਵਧੀਆ ਤਰੀਕੇ ਨਾਲ ਅੱਗੇ ਲਿਜਾਣ ਵਾਸਤੇ ਵਿਚਾਰ-ਵਟਾਂਦਰੇ ਤੇ ਅਹਿਮ ਫ਼ੈਸਲੇ ਕੀਤੇ ਗਏ।
ਇਹ ਵੀ ਪੜ੍ਹੋ : ਮੰਦਭਾਗੀ ਖ਼ਬਰ : ਪੜ੍ਹਾਈ ਲਈ ਕੈਨੇਡਾ ਗਏ ਮਾਪਿਆਂ ਦੇ ਇਕਲੌਤੇ ਪੁੱਤ ਦੀ ਸੜਕ ਹਾਦਸੇ ’ਚ ਮੌਤ
ਸੰਸਥਾ ਵੱਲੋਂ ਤੁਰਕੀ 'ਚ ਆਏ ਭੂਚਾਲ ਕਾਰਨ ਬੇਘਰ ਹੋਏ ਲੋਕਾਂ ਦੀ ਮਦਦ ਕਰਨ ਵਾਸਤੇ ਬੇਗਮਪੁਰਾ ਏਡ ਇੰਟਰਨੈਸ਼ਨਲ 14 ਅਪ੍ਰੈਲ ਨੂੰ ਤੁਰਕੀ ਮਿਸ਼ਨ 'ਤੇ ਜਾਵੇਗੀ। ਇਸ ਟੀਮ ਦੀ ਅਗਵਾਈ ਅਮਰਜੀਤ ਸਿੰਘ ਕੈਲੇ ਤੇ ਚਰਨਜੀਤ ਸਿੰਘ ਜੌਹਲ ਕਰਨਗੇ। ਟੀਮ ਨਾਲ ਫਰਾਂਸ ਵਿੱਚ ਵਸਦੇ ਤੁਰਕੀ ਭਾਈਚਾਰੇ ਦੇ ਸਾਥੀ ਵੀ ਨਾਲ ਜਾਣਗੇ, ਜੋ ਉੱਥੋਂ ਦੇ ਹਾਲਾਤ ਤੋਂ ਵੀ ਜਾਣੂ ਕਰਵਾਉਣਗੇ ਤੇ ਸਮੇਂ-ਸਮੇਂ ਸਿਰ ਟੀਮ ਨੂੰ ਬੋਲੀ ਬੋਲਣ ਤੇ ਆਉਣ ਵਾਲੀਆਂ ਮੁਸ਼ਕਿਲਾਂ ਨੂੰ ਸਰਲ ਕਰਨ ਵਿੱਚ ਮਦਦ ਕਰਨਗੇ। ਸੰਸਥਾ ਵੱਲੋਂ ਜ਼ਰੂਰਤਮੰਦ ਪਰਿਵਾਰਾਂ ਨੂੰ ਈਦ ਮੌਕੇ F2, F3, F4 ਕੰਟੇਨਰ ਹਾਊਸ ਲੈ ਕੇ ਦਿੱਤੇ ਜਾਣਗੇ, ਜਿਨ੍ਹਾਂ 'ਚ ਘਰ 'ਚ ਵਰਤਣ ਵਾਲੀ ਹਰ ਚੀਜ਼ ਦੀ ਸਹੂਲਤ ਹੋਵੇਗੀ ਅਤੇ ਜਿਹੜੇ ਆਪਣੇ ਬੱਚਿਆਂ ਸਮੇਤ ਰਹਿ ਸਕਣਗੇ।
ਇਹ ਵੀ ਪੜ੍ਹੋ : ਅਜਬ-ਗਜ਼ਬ : ਝੀਲ 'ਤੇ ਰਹਿਣ ਦੀ ਪੈ ਗਈ ਆਦਤ, ਹੁਣ ਘਰ ਜਾਣ ਨੂੰ ਨਹੀਂ ਤਿਆਰ! ਜਾਣੋ ਹੈਰਾਨ ਕਰਨ ਵਾਲੀ ਵਜ੍ਹਾ
ਸੰਸਥਾ ਵੱਲੋਂ 21 ਅਪ੍ਰੈਲ ਨੂੰ ਆ ਰਹੇ ਈਦ ਦੇ ਤਿਉਹਾਰ ਨੂੰ ਮੁੱਖ ਰੱਖ ਕੇ ਤੁਰਕੀ ਜਾਣ ਦਾ ਪ੍ਰੋਗਰਾਮ ਬਣਾਇਆ ਗਿਆ ਹੈ ਤਾਂ ਜੋ ਈਦ ਮੌਕੇ ਪਹੁੰਚ ਕੇ ਬੇਸਹਾਰਾ ਤੇ ਜ਼ਰੂਰਤਮੰਦ ਪਰਿਵਾਰਾਂ ਦੀ ਮਦਦ ਕੀਤੀ ਜਾ ਸਕੇ। ਪ੍ਰੈੱਸ ਨੂੰ ਇਹ ਜਾਣਕਾਰੀ ਪ੍ਰਧਾਨ ਭਾਈ ਰਾਮ ਲਾਲ ਮੈਂਗੜਾ ਨੇ ਦਿੰਦਿਆਂ ਕਿਹਾ ਕਿ ਬੇਗਮਪੁਰਾ ਏਡ ਇੰਟਰਨੈਸ਼ਨਲ ਟੀਮ ਫਰਾਂਸ ਅਤੇ ਹਾਲੈਂਡ ਦੀ ਟੀਮ ਇਸ ਦੁੱਖ ਦੀ ਘੜੀ ਵਿੱਚ ਤੁਰਕੀ ਭਾਈਚਾਰੇ ਨਾਲ ਮੋਢੇ ਨਾਲ ਮੋਢੇ ਲਾ ਕੇ ਖੜ੍ਹੀ ਹੈ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।