ਮਧੂਮੱਖੀਆਂ ਨੇ ਰੋਕਿਆ ਜ਼ੁਕਰਬਰਗ ਦਾ ਪਲਾਨ, ਨਹੀਂ ਬਣਾ ਪਾ ਰਹੇ ਨਿਊਕਲੀਅਰ ਪਾਵਰ ਵਾਲਾ AI ਡਾਟਾ ਸੈਂਟਰ
Wednesday, Nov 13, 2024 - 05:20 AM (IST)
ਗੈਜੇਟ ਡੈਸਕ- ਮਧੂਮੱਖੀਆਂ ਕਾਰਨ ਮਾਰਕ ਜ਼ਕਰਬਰਗ ਦੀ ਵੱਡੀ ਯੋਜਨਾ 'ਚ ਰੁਕਾਵਟ ਪੈ ਗਈ ਹੈ। ਉਹ ਅਮਰੀਕਾ 'ਚ ਅਜਿਹੀ ਜਗ੍ਹਾ 'ਤੇ AI ਡਾਟਾ ਸੈਂਟਰ ਬਣਾਉਣ ਜਾ ਰਹੇ ਸਨ, ਜਿੱਥੇ ਪ੍ਰਮਾਣੂ ਊਰਜਾ ਆਸਾਨੀ ਨਾਲ ਉਪਲੱਬਧ ਹੋ ਸਕੇ ਪਰ ਇਸ ਪਲਾਂਟ ਵਾਲੇ ਸਥਾਨ 'ਤੇ ਮਧੂਮੱਖੀਆਂ ਦੀ ਇੱਕ ਦੁਰਲੱਭ ਪ੍ਰਜਾਤੀ ਪਾਈ ਗਈ ਹੈ। ਇਹ ਜਾਣਕਾਰੀ ਮੀਡੀਆ ਰਿਪੋਰਟਾਂ ਤੋਂ ਮਿਲੀ ਹੈ।
ਮੈਟਾ ਦੇ ਸੀ.ਈ.ਓ. ਮਾਰਕ ਜ਼ੁਕਰਬਰਗ ਇੱਕ ਨਿਊਕਲੀਅਰ ਪਾਵਰ ਐਨਰਜੀ ਆਪਰੇਟਰ ਨਾਲ ਇੱਕ ਡੀਲ ਤਿਆਰ ਕਰਨ ਜਾ ਰਹੇ ਸਨ। ਮੀਡੀਆ ਰਿਪੋਰਟਾਂ ਮੁਤਾਬਕ ਪਿਛਲੇ ਹਫਤੇ ਹੀ ਇੱਕ ਕਰਮਚਾਰੀ ਨੇ ਕਿਹਾ ਕਿ ਇਸ ਪ੍ਰੋਜੈਕਟ ਨੂੰ ਅੱਗੇ ਵਧਾਉਣਾ ਬਹੁਤ ਮੁਸ਼ਕਲ ਹੋ ਗਿਆ ਹੈ ਕਿਉਂਕਿ ਉੱਥੇ ਮਧੂਮੱਖੀਆਂ ਦੀ ਇੱਕ ਦੁਰਲੱਭ ਪ੍ਰਜਾਤੀ ਦੀ ਖੋਜ ਹੋਈ ਹੈ, ਜਿਸ ਕਾਰਨ ਕੰਪਨੀ ਨੂੰ ਕਈ ਨਿਯਮਾਂ ਦੀ ਪਾਲਣਾ ਕਰਨੀ ਪਵੇਗੀ।
ਜ਼ੁਕਰਬਰਗ ਲੱਭ ਰਹੇ ਅੱਗੇ ਦਾ ਰਸਤਾ
ਰਿਪੋਰਟਾਂ ਮੁਤਾਬਕ ਮਾਰਕ ਜ਼ੁਕਰਬਰਗ ਨੇ ਆਪਣੇ ਕਰਮਚਾਰੀਆਂ ਨੂੰ ਕਿਹਾ ਕਿ ਜੇਕਰ ਇਹ ਡੀਲ ਅੱਗੇ ਵਧਦੀ ਤਾਂ ਮੈਟਾ ਕੋਲ ਪਹਿਲਾ ਪ੍ਰਮਾਣੂ ਸੰਚਾਲਿਤ AI ਡਾਟਾ ਸੈਂਟਰ ਹੁੰਦਾ। ਜੇਕਰ ਕੰਪਨੀ ਕੋਈ ਰਸਤਾ ਲੱਭ ਸਕਦੀ ਹੈ ਤਾਂ ਇਹ ਹੁਣ ਹਕੀਕਤ ਬਣ ਸਕਦੀ ਹੈ। ਹਾਲਾਂਕਿ, ਉਨ੍ਹਾਂ ਨੇ ਇਹ ਵੀ ਜ਼ੋਰ ਦਿੱਤਾ ਕਿ ਉਨ੍ਹਾਂ ਦੀ ਕੰਪਨੀ ਨੂੰ ਜਲਦੀ ਹੀ ਅੱਗੇ ਵਧਣਾ ਹੋਵੇਗਾ ਕਿਉਂਕਿ ਉਨ੍ਹਾਂ ਦੇ ਮੁਕਾਬਲੇਬਾਜ਼ ਪ੍ਰਮਾਣੂ ਊਰਜਾ ਵਿੱਚ ਵੀ ਨਿਵੇਸ਼ ਕਰ ਰਹੇ ਹਨ।
ਕੀ ਹੁੰਦਾ ਹੈ AI ਡਾਟਾ ਸੈਂਟਰ
AI ਡਾਟਾ ਸੈਂਟਰ ਅਸਲ 'ਚ ਆਰਟੀਫਿਸ਼ੀਅਲ ਇੰਟੈਲੀਜੈਂਸ ਸੰਬੰਧਿਤ ਕੰਮ ਨੂੰ ਪੂਰਾ ਕਰਨ ਲਈ ਤਿਆਰ ਕੀਤੇ ਜਾਂਦੇ ਹਨ। ਇਨ੍ਹਾਂ ਸੈਂਟਰਾਂ 'ਚ ਵੱਡੇ ਪੱਧਰ 'ਤੇ ਕੰਪਿਊਟਿੰਗ ਸਿਸਟਮ ਹੁੰਦੇ ਹਨ। ਇਸ ਕੰਪਿਊਟਿੰਗ ਦਾ ਇਸਤੇਮਾਲ ਜਟਿਲ ਮਸ਼ੀਲ ਲਰਨਿੰਗ ਮਾਡਲ, ਐਲਗੋਰਿਦਮ ਬਣਾਉਣ ਅਤੇ ਇਸਤੇਮਾਲ ਕਰਨ 'ਚ ਕੀਤਾ ਜਾਂਦਾ ਹੈ। ਏ.ਆਈ. ਡਾਟਾ ਸੈਂਟਰ 'ਚ ਹਾਈ ਪਰਫਾਰਮੈਂਸ ਸਰਵਰ, ਸਟੋਰੇਜ ਸਿਸਟਮ, ਨੈੱਟਵਰਕਿੰਗ ਇੰਫਰਾਸਟਰੱਕਚਰ ਆਦਿ ਹੁੰਦੇ ਹਨ। ਅਜਿਹੇ 'ਚ ਉਨ੍ਹਾਂ ਨੂੰ ਜ਼ਿਆਦਾ ਇਲੈਕਟ੍ਰੀਸਿਟੀ ਪਾਵਰ ਦੀ ਲੋੜ ਪੈਂਦੀ ਹੈ, ਜਿਸ ਦੀ ਸਪਲਾਈ ਲਈ ਕੰਪਨੀਆਂ ਮਿੰਨੀ ਨਿਊਕਲੀਅਰ ਪਲਾਂਟ ਤਿਆਰ ਕਰਦੀਆਂ ਹਨ।