ਹੁਣ ਗ੍ਰੋਸਰੀ ਸਟੋਰਾਂ ''ਤੇ ਮਿਲੇਗੀ ਬਿਅਰ, ਸਰਕਾਰ ਨੇ ਦੇ ਦਿੱਤੀ ਮਨਜ਼ੂਰੀ
Tuesday, Jul 16, 2024 - 06:46 PM (IST)
ਟੋਰਾਂਟੋ : ਉਨਟਾਰੀਓ ਵਾਸੀਆਂ ਲਈ ਇਸ ਵੇਲੇ ਬਹੁਤ ਹੀ ਅਹਿਮ ਖ਼ਬਰ ਸਾਹਮਣੇ ਆ ਰਹੀ ਹੈ ਕਿ ਹੁਣ ਗ੍ਰੋਸਰੀ ਸਟੋਰਾਂ ਤੋਂ ਵੀ ਬਿਅਰ ਅਤੇ ਅਲਕੋਹਲਿਕ ਡ੍ਰਿਕਸ ਮਿਲਣਗੀਆਂ। ਜਿਸ ਦੀ ਮੰਗ ਪਿਛਲੇ ਲੰਮੇ ਸਮੇਂ ਤੋਂ ਸਥਾਨਕ ਲੋਕਾਂ ਵਲੋਂ ਕੀਤੀ ਜਾ ਰਹੀ ਸੀ। ਇਸ ਸਬੰਧੀ ਤਾਂ ਐਲ.ਸੀ.ਬੀ.ਓ. ਦੇ ਮੁਲਾਜ਼ਮਾਂ ਨੇ ਹੜਤਾਲ ਤੱਕ ਕਰ ਦਿੱਤੀ ਸੀ। ਇਸ ਹੜਤਾਲ ਨੂੰ ਵੇਖਦਿਆਂ ਉਨਟਾਰੀਓ ਸਰਕਾਰ ਵੱਲੋਂ ਤੈਅਸ਼ੁਦਾ ਸਮੇਂ ਤੋਂ ਪਹਿਲਾਂ ਹੀ ਗਰੌਸਰੀ ਸਟੋਰਾਂ ਨੂੰ ਰੈਡੀ ਟੂ ਡ੍ਰਿੰਕ ਐਲਕੌਹਲਿਕ ਬੈਵਰੇਜਿਜ਼ ਅਤੇ ਬੀਅਰ ਦੇ ਵੱਡੇ ਡੱਬੇ ਵੇਚਣ ਦੀ ਇਜਾਜ਼ਤ ਦਿਤੀ ਹੈ।
18 ਜੁਲਾਈ ਤੋਂ ਗਰੌਸਰੀ ਸਟੋਰ 'ਤੇ ਬੀਅਰ, ਸਾਈਡਰ ਅਤੇ ਵਾਈਨ ਵਿਕਣ ਲੱਗੇਗੀ। ਇਸ ਤੋਂ ਪਹਿਲਾਂ ਇਸ ਦੀ ਸ਼ੁਰੂਆਤ 1 ਅਗਸਤ ਤੋਂ ਸ਼ੁਰੂ ਹੋਣੀ ਸੀ। ਪਰ ਸੂਬਾ ਸਰਕਾਰ ਨੇ ਤੈਅਸ਼ੁਦਾ ਸਮੇਂ ਤੋਂ ਪਹਿਲਾਂ ਹੀ ਗਰੌਸਰੀ ਸਟੋਰਾਂ ਨੂੰ ਐਲਕੋਹਲ ਦੀਆਂ ਬੋਤਲਾਂ ਡਿਸਪਲੇਅ ਵਿਚ ਰੱਖਣ ਦੀ ਇਜਾਜ਼ਤ ਦਿਤੀ ਹੈ। ਇਸ ਦੇ ਨਾਲ ਹੀ ਸਰਕਾਰ ਨੇ ਵਿਕਰੀ ਲਈ ਕੁਝ ਆਦੇਸ਼ ਜਾਰੀ ਕੀਤੇ ਹਨ। ਸੋਮਵਾਰ ਨੂੰ ਸੂਬਾ ਸਰਕਾਰ ਨੇ ਕਿਹਾ ਕਿ ਬਾਰ ਅਤੇ ਰੈਸਟੋਰੈਂਟ ਮਾਲਕਾਂ ਨੂੰ ਆਪਣੇ ਇਕ ਥਾਂ ਤੋਂ ਦੂਜੀ ਥਾਂ ਤੱਕ ਸ਼ਰਾਬ ਲਿਜਾਣ ਦੀ ਇਜਾਜ਼ਤ ਦਿਤੀ ਜਾ ਰਹੀ ਹੈ।
ਪਰ ਦੋਵਾਂ ਸਬੰਧਤ ਕਾਰੋਬਾਰੀ ਕੋਲ ਜਾਇਜ਼ ਲਾਇਸੰਸ ਹੋਵੇ ਅਤੇ ਦੋਵੇਂ ਥਾਂ ਮਾਲਕੀ ਅਧੀਨ ਹੋਣ। ਉਧਰ ਮੁਲਾਜ਼ਮ ਯੂਨੀਅਨ ਵੱਲੋਂ ਸੂਬਾ ਸਰਕਾਰ ਦੇ ਨਵੇਂ ਫੈਸਲਿਆਂ ਦਾ ਵਿਰੋਧ ਕੀਤਾ ਜਾ ਰਿਹਾ ਹੈ। ਕੌਲੀਨ ਮੈਕਲਾਓਡ ਨੇ ਦੋਸ਼ ਲਾਇਆ ਕਿ ਡਗ ਫੋਰਡ ਦੀਆਂ ਨੀਤੀਆਂ ਕਾਰਨ ਐਲ.ਸੀ.ਬੀ.ਓ. ਮੁਲਾਜ਼ਮਾਂ ਦਾ ਰੁਜ਼ਗਾਰ ਪ੍ਰਭਾਵਤ ਹੋਵੇਗਾ ਅਤੇ ਸਰਕਾਰ ਨੂੰ ਹੋਣ ਵਾਲੀ ਆਮਦਨ ਵਿਚ ਵੀ ਕਮੀ ਆਵੇਗੀ।