ਬੀ.ਸੀ. ''ਚ ‘ਰੈੱਡ ਡ੍ਰੈੱਸ ਡੇ’ ਮੌਕੇ ਸਮਾਗਮ ਦੌਰਾਨ ਲਾਪਤਾ ਤੇ ਕਤਲ ਕੀਤੀਆਂ ਮੂਲ ਨਿਵਾਸੀ ਮਹਿਲਾਵਾਂ ਦਾ ਮੁੱਦਾ ਉਭਾਰਿਆ
Tuesday, May 05, 2026 - 10:04 PM (IST)
ਵੈਨਕੂਵਰ (ਮਲਕੀਤ ਸਿੰਘ) – ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਵਿੱਚ ‘ਰੈੱਡ ਡ੍ਰੈੱਸ ਡੇ’ ਮੌਕੇ ਵੱਖ-ਵੱਖ ਸਮਾਗਮ ਆਯੋਜਿਤ ਕੀਤੇ ਜਾ ਰਹੇ ਹਨ, ਜਿਨ੍ਹਾਂ ਦਾ ਮਕਸਦ ਲਾਪਤਾ ਅਤੇ ਕਤਲ ਕੀਤੀਆਂ ਮੂਲ ਨਿਵਾਸੀ ਮਹਿਲਾਵਾਂ ਅਤੇ ਕੁੜੀਆਂ ਦੇ ਗੰਭੀਰ ਮੁੱਦੇ ਵੱਲ ਧਿਆਨ ਖਿੱਚਣਾ ਹੈ।
ਇਹ ਰਾਸ਼ਟਰੀ ਦਿਵਸ ਹਰ ਸਾਲ 5 ਮਈ ਨੂੰ ਮਨਾਇਆ ਜਾਂਦਾ ਹੈ। ਇਸ ਦਿਨ ਲੋਕ ਮਾਰਚਾਂ ਅਤੇ ਜਲੂਸਾਂ ਰਾਹੀਂ ਆਪਣੀ ਆਵਾਜ਼ ਉਠਾਉਂਦੇ ਹਨ ਅਤੇ ਨਿਆਂ ਦੀ ਮੰਗ ਕਰਦੇ ਹਨ। ਸਮਾਗਮਾਂ ਦੌਰਾਨ ਲਾਲ ਕਪੜੇ (ਡ੍ਰੈੱਸ) ਪ੍ਰਤੀਕ ਵਜੋਂ ਵਰਤੇ ਜਾਂਦੇ ਹਨ।
ਸੂਬੇ ਦੇ ਕਈ ਸ਼ਹਿਰਾਂ ਮੂਲ ਨਿਵਾਸੀ ਭਾਈਚਾਰਿਆਂ ਦੇ ਲੋਕ ਇਕੱਠੇ ਹੋ ਕੇ ਇਸ ਮੁੱਦੇ ‘ਤੇ ਜਾਗਰੂਕਤਾ ਫੈਲਾ ਰਹੇ ਹਨ। ਆਯੋਜਕਾਂ ਦਾ ਕਹਿਣਾ ਹੈ ਕਿ ਇਸ ਦਿਨ ਦਾ ਮਕਸਦ ਸਿਰਫ਼ ਯਾਦਗਾਰੀ ਹੀ ਨਹੀਂ, ਸਗੋਂ ਸਰਕਾਰਾਂ ਅਤੇ ਸਮਾਜ ਨੂੰ ਇਸ ਗੰਭੀਰ ਸਮੱਸਿਆ ਦੇ ਹੱਲ ਲਈ ਕਦਮ ਚੁੱਕਣ ਲਈ ਪ੍ਰੇਰਿਤ ਕਰਨਾ ਵੀ ਹੈ।
ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਮੂਲ ਨਿਵਾਸੀ ਮਹਿਲਾਵਾਂ ਅਤੇ ਕੁੜੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਹੋਰ ਪ੍ਰਭਾਵਸ਼ਾਲੀ ਨੀਤੀਆਂ ਅਤੇ ਕਾਰਵਾਈ ਦੀ ਲੋੜ ਹੈ।
