ਹਾਕੀ ਜਗਤ ਨੂੰ ਵੱਡਾ ਝਟਕਾ: ਕਲੌਡ ਲੇਮਿਯੂ ਦਾ 60 ਸਾਲ ਦੀ ਉਮਰ ''ਚ ਦਿਹਾਂਤ
Friday, May 29, 2026 - 05:41 AM (IST)
ਵੈਨਕੂਵਰ (ਮਲਕੀਤ ਸਿੰਘ) – ਕੈਨੇਡਾ ਅਤੇ ਅੰਤਰਰਾਸ਼ਟਰੀ ਹਾਕੀ ਜਗਤ ਲਈ ਦੁਖਦਾਈ ਸੂਚਨਾ ਹੈ। ਮੋਂਟਰੀਅਲ ਕੈਨੇਡੀਅਨਜ਼ ਦੇ ਸਾਬਕਾ ਦਿਗਗਜ ਖਿਡਾਰੀ ਅਤੇ ਚਾਰ ਵਾਰ ਸਟੈਨਲੀ ਕੱਪ ਜੇਤੂ ਕਲੌਡ ਲੇਮਿਯੂ ਦਾ 60 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ। ਉਨ੍ਹਾਂ ਦੇ ਦਿਹਾਂਤ ਦੀ ਖ਼ਬਰ ਨਾਲ ਹਾਕੀ ਪ੍ਰੇਮੀਆਂ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ।
ਕਲੌਡ ਲੇਮਿਯੂ ਨੇ ਆਪਣੇ ਲੰਬੇ ਕੈਰੀਅਰ ਦੌਰਾਨ ਆਪਣੀ ਜ਼ੋਰਦਾਰ ਖੇਡ, ਜਜ਼ਬੇ ਅਤੇ ਮਹੱਤਵਪੂਰਨ ਮੈਚਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਵੱਖਰੀ ਪਹਿਚਾਣ ਬਣਾਈ। ਉਹ ਐਨਐਚਐਲ ਦੇ ਸਭ ਤੋਂ ਚਰਚਿਤ ਅਤੇ ਕਾਮਯਾਬ ਖਿਡਾਰੀਆਂ ਵਿੱਚੋਂ ਇੱਕ ਮੰਨੇ ਜਾਂਦੇ ਸਨ।
ਉਨ੍ਹਾਂ ਨੇ ਆਪਣੇ ਕੈਰੀਅਰ ਦੌਰਾਨ ਚਾਰ ਵਾਰ ਸਟੈਨਲੀ ਕੱਪ ਜਿੱਤ ਕੇ ਹਾਕੀ ਇਤਿਹਾਸ ਵਿੱਚ ਖਾਸ ਥਾਂ ਬਣਾਈ। ਮੋਂਟਰੀਅਲ ਕੈਨੇਡੀਅਨਜ਼ ਨਾਲ ਜੁੜੇ ਉਨ੍ਹਾਂ ਦੇ ਯੋਗਦਾਨ ਨੂੰ ਅੱਜ ਵੀ ਹਾਕੀ ਪ੍ਰੇਮੀ ਯਾਦ ਕਰਦੇ ਹਨ।
ਕਲੌਡ ਲੇਮਿਯੂ ਦੇ ਦਿਹਾਂਤ ਮਗਰੋਂ ਸਾਬਕਾ ਖਿਡਾਰੀਆਂ, ਟੀਮਾਂ ਅਤੇ ਪ੍ਰਸ਼ੰਸਕਾਂ ਵੱਲੋਂ ਸੋਸ਼ਲ ਮੀਡੀਆ ਰਾਹੀਂ ਸ਼ਰਧਾਂਜਲੀਆਂ ਦਿੱਤੀਆਂ ਜਾ ਰਹੀਆਂ ਹਨ। ਹਾਕੀ ਜਗਤ ਨੇ ਇੱਕ ਐਸਾ ਸਿਤਾਰਾ ਗੁਆ ਦਿੱਤਾ ਹੈ ਜਿਸ ਨੇ ਖੇਡ ਨੂੰ ਕਈ ਯਾਦਗਾਰ ਪਲ ਦਿੱਤੇ।
