ਚੀਨ ਵੱਲ ਤੇਜ਼ੀ ਨਾਲ ਵਧ ਰਿਹੈ ਸ਼ਕਤੀਸ਼ਾਲੀ ਤੂਫ਼ਾਨ ''ਬਾਵੀ'' ! ਹਜ਼ਾਰਾਂ ਲੋਕਾਂ ਨੂੰ ਕੀਤਾ ਗਿਆ ਰੈਸਕਿਊ
Saturday, Jul 11, 2026 - 01:52 PM (IST)
ਇੰਟਰਨੈਸ਼ਨਲ ਡੈਸਕ- ਸ਼ਕਤੀਸ਼ਾਲੀ ਤੂਫ਼ਾਨ ‘ਬਾਵੀ’ ਤੇਜ਼ੀ ਨਾਲ ਚੀਨ ਦੇ ਪੂਰਬੀ ਤੱਟ ਵੱਲ ਵਧ ਰਿਹਾ ਹੈ। ਮੌਸਮ ਵਿਭਾਗ ਨੇ ਚਿਤਾਵਨੀ ਦਿੱਤੀ ਹੈ ਕਿ ਤੂਫ਼ਾਨ ਦੇ ਅਸਰ ਕਰ ਕੇ ਤਾਈਵਾਨ ਅਤੇ ਚੀਨ ਦੇ ਪੂਰਬੀ ਤੱਟੀ ਇਲਾਕਿਆਂ ਵਿਚ ਭਾਰੀ ਮੀਂਹ, ਤੇਜ਼ ਹਵਾਵਾਂ ਅਤੇ ਸਮੁੰਦਰ ਵਿਚ ਉੱਚੀਆਂ ਲਹਿਰਾਂ ਉੱਠ ਸਕਦੀਆਂ ਹਨ। ਪ੍ਰਸ਼ਾਸਨ ਨੇ ਵੱਡੇ ਪੱਧਰ ’ਤੇ ਹਜ਼ਾਰਾਂ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾ ਦਿੱਤਾ ਹੈ।
ਮੌਸਮ ਅਧਿਕਾਰੀਆਂ ਅਨੁਸਾਰ, ਤੂਫ਼ਾਨ ਦੇ ਨਾਲ 162 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਤੱਕ ਹਵਾਵਾਂ ਚੱਲ ਰਹੀਆਂ ਹਨ। ਇਸ ਦੇ ਪਹਿਲਾਂ ਤਾਈਵਾਨ ਦੇ ਉੱਤਰ ਵਿਚੋਂ ਲੰਘਣ ਅਤੇ ਫਿਰ ਸ਼ਨੀਵਾਰ ਰਾਤ ਨੂੰ ਫੂਜਿਯਾਨ ਅਤੇ ਝੇਜਿਯਾਂਗ ਸੂਬਿਆਂ ਦੀ ਸਰਹੱਦ ਨੇੜੇ ਚੀਨ ਦੇ ਤੱਟ ਨਾਲ ਟਕਰਾਉਣ ਦਾ ਖਦਸ਼ਾ ਹੈ।
ਤਾਈਵਾਨ ਦੀ ਸੈਂਟ੍ਰਲ ਨਿਊਜ਼ ਏਜੰਸੀ ਅਨੁਸਾਰ, ਰਾਜਧਾਨੀ ਤਾਈਪੇ ਵਿਚ ਸ਼ੁੱਕਰਵਾਰ ਨੂੰ ਸਾਰੇ ਸਕੂਲ ਬੰਦ ਕਰ ਦਿੱਤੇ ਗਏ ਹਨ। ਉੱਤਰੀ ਤੱਟ ਦੀਆਂ ਬੰਦਰਗਾਹਾਂ ਵਿਚ ਮੱਛੀਆਂ ਫੜਨ ਵਾਲੀਆਂ ਬੇੜੀਆਂ ਨੂੰ ਸੁਰੱਖਿਅਤ ਬੰਨ੍ਹ ਦਿੱਤਾ ਗਿਆ ਹੈ, ਜਦਕਿ ਜਾਪਾਨ, ਹਾਂਗਕਾਂਗ ਅਤੇ ਹੋਰ ਥਾਵਾਂ ਲਈ ਸ਼ਨੀਵਾਰ ਤੱਕ ਦੀਆਂ ਕਈ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ।
ਜਾਣਕਾਰੀ ਮੁਤਾਬਕ, ਝੇਜਿਯਾਂਗ ਸੂਬੇ ਵਿਚ 17 ਹਜ਼ਾਰ ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਗਿਆ ਹੈ। ਇਸ ਤੋਂ ਇਲਾਵਾ 1.70 ਲੱਖ ਰਾਹਤ ਅਤੇ ਬਚਾਅ ਕਰਮਚਾਰੀਆਂ ਨੂੰ ਕਿਸੇ ਵੀ ਹੰਗਾਮੀ ਸਥਿਤੀ ਨਾਲ ਨਜਿੱਠਣ ਲਈ ਤਿਆਰ ਰੱਖਿਆ ਗਿਆ ਹੈ।
