ਚੀਨ ਨੇ ਪ੍ਰਸ਼ਾਂਤ ਮਹਾਸਾਗਰ ’ਚ ਕੀਤਾ ਮਿਜ਼ਾਈਲ ਪ੍ਰੀਖਣ ; ਜਾਪਾਨ-ਆਸਟ੍ਰੇਲੀਆ ਨੇ ਪ੍ਰਗਟਾਈ ਨਾਰਾਜ਼ਗੀ
Tuesday, Jul 07, 2026 - 02:49 PM (IST)
ਬੀਜਿੰਗ (ਏਜੰਸੀ)- ਚੀਨ ਨੇ ਸੋਮਵਾਰ ਨੂੰ ਪ੍ਰਸ਼ਾਂਤ ਮਹਾਸਾਗਰ ਵਿਚ ਆਪਣੀ ਇਕ ਪ੍ਰਮਾਣੂ ਸੰਚਾਲਿਤ ਪਣਡੁੱਬੀ ਤੋਂ ਲੰਬੀ ਦੂਰੀ ਤੱਕ ਮਾਰ ਕਰਨ ਵਾਲੀ ਮਿਜ਼ਾਈਲ ਦਾ ਸਫ਼ਲ ਪ੍ਰੀਖਣ ਕੀਤਾ, ਜਿਸ ’ਤੇ ਜਾਪਾਨ ਅਤੇ ਆਸਟ੍ਰੇਲੀਆ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਚੀਨ ਦੀ ਸਮੁੰਦਰੀ ਫ਼ੌਜ ਨੇ ਕਿਹਾ ਕਿ ਉਸ ਦੀ ਇਕ ਪ੍ਰਮਾਣੂ ਪਣਡੁੱਬੀ ਨੇ ਦੁਪਹਿਰ 12.01 ਵਜੇ ਪ੍ਰਸ਼ਾਂਤ ਮਹਾਸਾਗਰ ਵੱਲ ਇਕ ਰਣਨੀਤਕ ਮਿਜ਼ਾਈਲ ਦਾ ਸਫ਼ਲਤਾਪੂਰਵਕ ਪ੍ਰੀਖਣ ਕੀਤਾ, ਜੋ ‘ਡਮੀ’ ਹਥਿਆਰ ਨਾਲ ਲੈਸ ਸੀ। ਖ਼ਬਰ ਵਿਚ ਕਿਹਾ ਗਿਆ ਹੈ ਕਿ ਮਿਜ਼ਾਈਲ ਨਿਰਧਾਰਤ ਸਮੁੰਦਰੀ ਖੇਤਰ ਵਿਚ ਬਿਲਕੁਲ ਸਹੀ ਤਰੀਕੇ ਨਾਲ ਡਿੱਗੀ।
ਸਮੁੰਦਰੀ ਫ਼ੌਜ ਨੇ ਕਿਹਾ ਕਿ ਇਹ ਪ੍ਰੀਖਣ ਉਸ ਦੀ ਸਾਲਾਨਾ ਟ੍ਰੇਨਿੰਗ ਦੀ ਇਕ ਨਿਯਮਿਤ ਪ੍ਰਕਿਰਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਚੀਨ ਨੇ ਸਬੰਧਤ ਦੇਸ਼ਾਂ ਨੂੰ ਪਹਿਲਾਂ ਹੀ ਅਗਾਊਂ ਸੂਚਨਾ ਦੇ ਦਿੱਤੀ ਸੀ। ਸਮੁੰਦਰੀ ਫ਼ੌਜ ਨੇ ਮਿਜ਼ਾਈਲ ਅਤੇ ਉਸ ਦੀ ਮਾਰੂ ਸਮਰੱਥਾ ਦੀ ਪੂਰੀ ਜਾਣਕਾਰੀ ਦਿੱਤੇ ਬਿਨਾਂ ਕਿਹਾ ਕਿ ਇਹ ਲਾਂਚਿੰਗ ਅੰਤਰਰਾਸ਼ਟਰੀ ਕਾਨੂੰਨ ਦੇ ਮੁਤਾਬਕ ਹੈ ਅਤੇ ਕਿਸੇ ਖ਼ਾਸ ਦੇਸ਼ ਜਾਂ ਨਿਸ਼ਾਨੇ ’ਤੇ ਕੇਂਦਰਿਤ ਨਹੀਂ ਹੈ। ਜਾਪਾਨ ਅਤੇ ਆਸਟ੍ਰੇਲੀਆ ਨੇ ਪੁਸ਼ਟੀ ਕੀਤੀ ਕਿ ਉਨ੍ਹਾਂ ਨੂੰ ਇਸ ਲਾਂਚਿੰਗ ਦੀ ਅਗਾਊਂ ਸੂਚਨਾ ਦਿੱਤੀ ਗਈ ਸੀ। ਹਾਲਾਂਕਿ, ਉਨ੍ਹਾਂ ਇਸ ਪ੍ਰੀਖਣ ਲਈ ਚੀਨ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਇਹ ਖੇਤਰ ਵਿਚ ਚੀਨ ਦੇ ਵੱਡੇ ਪੱਧਰ ’ਤੇ ਜਾਰੀ ਫ਼ੌਜੀ ਨਿਰਮਾਣ ਨੂੰ ਦਰਸਾਉਂਦਾ ਹੈ।
ਆਸਟ੍ਰੇਲੀਆ ਦੀ ਵਿਦੇਸ਼ ਮੰਤਰੀ ਪੈਨੀ ਵੋਂਗ ਨੇ ਕਿਹਾ ਕਿ ਇਹ ਲਾਂਚਿੰਗ ‘ਖੇਤਰ ਲਈ ਅਸਥਿਰਤਾ ਪੈਦਾ ਕਰਨ ਵਾਲੀ’ ਹੈ। ਜਾਪਾਨ ਨੇ ਕਿਹਾ ਕਿ ਜਦੋਂ ਟੋਕੀਓ ਨੂੰ ਇਸ ਦੀ ਸੂਚਨਾ ਦਿੱਤੀ ਗਈ ਸੀ, ਉਦੋਂ ਉਸ ਨੇ ਬੀਜਿੰਗ ਨੂੰ ਮਿਜ਼ਾਈਲ ਪ੍ਰੀਖਣ ’ਤੇ ‘ਮੁੜ ਵਿਚਾਰ’ ਕਰਨ ਲਈ ਕਿਹਾ ਸੀ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਇਸ ਨਾਲ ਜਾਪਾਨ ਦੀ ਸੁਰੱਖਿਆ ਨੂੰ ਕੋਈ ਖ਼ਤਰਾ ਨਹੀਂ ਹੋਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
