ਅਫਗਾਨ ਸ਼ਹਿਰ 'ਤੇ ਕਬਜ਼ੇ ਦੀ ਲੜਾਈ 'ਚ 100 ਸੁਰੱਖਿਆ ਕਰਮਚਾਰੀਆਂ ਦੀ ਮੌਤ

Monday, Aug 13, 2018 - 06:48 PM (IST)

ਕਾਬੁਲ— ਅਫਗਾਨਿਸਤਾਨ ਦੇ ਰੱਖਿਆ ਮੰਤਰਾਲੇ ਨੇ ਸੋਮਵਾਰ ਨੂੰ ਜਾਣਕਾਰੀ ਦਿੱਤੀ ਕਿ ਬੀਤੇ ਚਾਰ ਦਿਨਾਂ ਤੋਂ ਅਫਗਾਨਿਸਤਾਨ ਦੇ ਗਜ਼ਨੀ ਸੂਬੇ ਦੀ ਰਾਜਧਾਨੀ 'ਤੇ ਕਬਜ਼ਾ ਕਰਨ ਦੀ ਕੋਸ਼ਿਸ਼ 'ਚ ਤਾਲਿਬਾਨੀਆਂ ਵਲੋਂ ਕੀਤੇ ਹਮਲੇ 'ਚ 120 ਲੋਕਾਂ ਦੀ ਮੌਤ ਹੋ ਗਈ, ਜਿਨ੍ਹਾਂ 'ਚ 100 ਸੁਰੱਖਿਆ ਕਰਮਚਾਰੀ ਤੇ 20 ਆਮ ਨਾਗਰਿਕ ਸ਼ਾਮਲ ਸਨ। ਗਜ਼ਨੀ ਸੂਬੇ ਦੀ ਰਾਜਧਾਨੀ 'ਚ ਬੀਤੇ ਸ਼ੁੱਕਰਵਾਰ ਤੋਂ ਤਾਲਿਬਾਨੀ ਲੜਾਕਿਆਂ ਤੇ ਅਫਗਾਨ ਸੁਰੱਖਿਆ ਬਲਾਂ ਵਿਚਾਲੇ ਸੰਘਰਸ਼ ਜਾਰੀ ਹੈ। ਤਾਲਿਬਾਨੀਆਂ ਵਲੋਂ ਗਜ਼ਨੀ 'ਤੇ ਹਮਲਾ ਕਰਨ ਤੋਂ ਬਾਅਦ ਜਨਰਲ ਤਾਰਕ ਸ਼ਾਹ ਬਾਹਰਮੀ ਵਲੋਂ ਪਹਿਲੀ ਵਾਰ ਮਾਰਨ ਵਾਲਿਆਂ ਦੀ ਗਿਣਤੀ ਦੀ ਪੁਸ਼ਟੀ ਕੀਤੀ ਗਈ ਹੈ। ਕਈ ਪਾਸਿਆਂ ਤੋਂ ਕੀਤੀ ਗਏ ਹਮਲੇ ਤੋਂ ਬਾਅਦ ਬਾਗੀਆਂ ਨੇ ਸ਼ਹਿਰ ਦੇ ਕਈ ਹਿੱਸਿਆਂ 'ਤੇ ਕਬਜ਼ਾ ਕਰ ਲਿਆ। ਇਹ ਤਾਲਿਬਾਨ ਵਲੋਂ ਵੱਡੀ ਸ਼ਕਤੀ ਦਾ ਪ੍ਰਦਰਸ਼ਨ ਹੈ ਜੋ ਰਾਸ਼ਟਰੀ ਰਾਜਧਾਨੀ ਕਾਬੁਲ ਤੋਂ ਸਿਰਫ 120 ਕਿਲੋਮੀਟਰ ਦੂਰ ਸਥਿਤ ਸ਼ਹਿਰ ਦੇ ਇੰਨੇ ਅੰਦਰ ਤੱਕ ਦਾਖਲ ਹੋ ਗਿਆ ਹੈ। ਅਮਰੀਕਾ ਨੇ ਅਫਗਾਨ ਬਲਾਂ ਦੀ ਮਦਦ ਲਈ ਫੌਜੀ ਸਲਾਹਕਾਰਾਂ ਨੂੰ ਭੇਜਿਆ ਹੈ। ਜੇਕਰ 2,70,000 ਆਬਾਦੀ ਵਾਲਾ ਗਜ਼ਨੀ ਅਫਗਾਨਿਸਤਾਨ ਦੇ ਹੱਥੋਂ ਨਿਕਲ ਜਾਂਦਾ ਹੈ ਤਾਂ ਇਹ ਤਾਲਿਬਾਨ ਦੇ ਲਈ ਵੱਡੀ ਜਿੱਤ ਹੋਵੇਗੀ। ਇਹ ਦੱਖਣੀ ਸੂਬਿਆਂ ਤੋਂ ਕਾਬੁਲ ਨੂੰ ਜੋੜਨ ਵਾਲੇ ਇਕ ਅਹਿਮ ਰਾਜਮਾਰਗ ਤੋਂ ਵੀ ਸੰਪਰਕ ਤੋੜ ਦੇਵੇਗਾ। ਰੱਖਿਆ ਮੰਤਰੀ ਬਹਰਾਮੀ ਨੇ ਕਾਬੁਲ 'ਚ ਪੱਤਰਕਾਰਾਂ ਨਾਲ ਗੱਲ ਕਰਦਿਆਂ ਦੱਸਿਆ ਕਿ ਮਰਨ ਵਾਲਿਆਂ ਦੀ ਗਿਣਤੀ ਪੁਖਤਾ ਨਹੀਂ ਹੈ ਤੇ ਇਸ 'ਚ ਬਦਲਾਅ ਹੋ ਸਕਦਾ ਹੈ।


Related News