ਖਤਰੇ ''ਚ ਆਸਟ੍ਰੇਲੀਆਈ ਉੱਪ ਪ੍ਰਧਾਨ ਮੰਤਰੀ ਦਾ ਅਹੁਦਾ, ਲੋਕਾਂ ਨੇ ਰੱਖੀ ਆਪਣੀ ਰਾਇ

02/19/2018 10:49:27 AM

ਸਿਡਨੀ— ਆਸਟ੍ਰੇਲੀਆ ਦੇ ਉੱਪ ਪ੍ਰਧਾਨ ਮੰਤਰੀ ਬਾਰਨਬਾਏ ਜੌਇਸ ਦੇ ਪ੍ਰੇਮ ਸੰਬੰਧਾਂ ਦਾ ਮਾਮਲਾ ਗਰਮਾਉਂਦਾ ਜਾ ਰਿਹਾ ਹੈ। ਜੌਇਸ ਦੀ ਹਰ ਪਾਸੇ ਕਿਰਕਿਰੀ ਹੋ ਰਹੀ ਹੈ ਅਤੇ ਇਸ ਮਾਮਲੇ ਵਿਚ ਦੋ-ਤਿਹਾਈ ਤੋਂ ਵਧ ਆਸਟ੍ਰੇਲੀਆਈ ਲੋਕ ਚਾਹੁੰਦੇ ਹਨ ਕਿ ਉਨ੍ਹਾਂ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ। ਉਨ੍ਹਾਂ ਦੇ ਇਸ ਕਾਰਨਾਮੇ ਤੋਂ ਸਰਕਾਰ 'ਤੇ ਕਾਫੀ ਦਬਾਅ ਵਧ ਰਿਹਾ ਹੈ ਕਿ ਉਨ੍ਹਾਂ ਨੂੰ ਹਟਾਉਣ ਵਿਚ ਆਖਰ ਇੰਨੀ ਦੇਰ ਕਿਉਂ ਕੀਤੀ ਜਾ ਰਹੀ ਹੈ। 
ਜੌਇਸ ਨੇ ਚੋਣਾਂ ਵਿਚ ਪਰਿਵਾਰਕ ਕਦਰਾਂ-ਕੀਮਤਾਂ ਨੂੰ ਬਚਾਉਣ ਲਈ ਜੰਮ ਕੇ ਪ੍ਰਚਾਰ ਕੀਤਾ ਸੀ। ਹੁਣ ਆਪਣੀ ਸਾਬਕਾ ਪ੍ਰੈੱਸ ਸਕੱਤਰ ਨਾਲ ਸਰੀਰਕ ਸੰਬੰਧਾਂ ਦੀ ਗੱਲ ਦਾ ਖੁਲਾਸਾ ਹੋਣ ਤੋਂ ਬਾਅਦ ਉਨ੍ਹਾਂ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਇਨਕਾਰ ਕਰ ਦਿੱਤਾ ਹੈ ਅਤੇ ਇਹ ਵੀ ਕਿਹਾ ਕਿ ਉਹ ਪਿਤਾ ਬਣਨ ਵਾਲੇ ਹਨ। ਇਹ ਗੱਲ ਵੱਖਰੀ ਹੈ ਕਿ 24 ਸਾਲ ਪਹਿਲਾਂ ਉਨ੍ਹਾਂ ਦਾ ਵਿਆਹ ਹੋ ਗਿਆ ਸੀ। ਜੌਇਸ ਨੈਸ਼ਨਲ ਪਾਰਟੀ ਦੇ ਨੇਤਾ ਹਨ ਅਤੇ  65 ਫੀਸਦੀ ਲੋਕਾਂ ਦੀ ਰਾਇ ਹੈ ਕਿ ਉਨ੍ਹਾਂ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ। 
ਮੀਡੀਆ ਰਿਪੋਰਟਾਂ ਮੁਤਾਬਕ ਇਸ ਸੈਕਸ ਸਕੈਂਡਲ ਦੇ ਸਾਹਮਣੇ ਆਉਣ ਤੋਂ ਬਾਅਦ ਸਰਕਾਰ ਦਾ ਅਕਸ ਕਾਫੀ ਖਰਾਬ ਹੋ ਗਿਆ ਅਤੇ ਪ੍ਰਧਾਨ ਮੰਤਰੀ ਮੈਲਕਮ ਟਰਨਬੁੱਲ ਨੂੰ ਹਰ ਥਾਂ ਆਪਣਾ ਬਚਾਅ ਕਰਨਾ ਪੈ ਰਿਹਾ ਹੈ, ਕਿਉਂਕਿ ਉਨ੍ਹਾਂ ਦੀ ਲਿਬਰਲ ਪਾਰਟੀ ਦਾ ਜੌਇਸ ਦੀ ਪਾਰਟੀ ਨਾਲ ਗਠਜੋੜ ਹੈ। ਟਰਨਬੁੱਲ ਨੇ ਮੈਲਬੌਰਨ ਵਿਚ ਇਕ ਰੇਡੀਓ ਪ੍ਰੋਗਰਾਮ ਵਿਚ ਕਿਹਾ ਕਿ ਉਨ੍ਹਾਂ ਦੇ ਅਤੇ ਜੌਇਸ ਦਰਮਿਆਨ ਇਸ ਮਾਮਲੇ 'ਤੇ ਸ਼ਨੀਵਾਰ ਨੂੰ ਕਾਫੀ ਦੇਰ ਤੱਕ ਗੱਲਬਾਤ ਹੋਈ ਅਤੇ ਇਸ ਦੌਰਾਨ ਦੋਹਾਂ ਵਿਚਾਲੇ ਜਿਨ੍ਹਾਂ ਮੁੱਦਿਆਂ 'ਤੇ ਤਣਾਅ ਸੀ, ਉਸ ਨੂੰ ਕਾਫੀ ਹੱਦ ਤੱਕ ਸੁਲਝਾ ਲਿਆ ਗਿਆ ਹੈ।  


Related News