ਬੰਗਲਾਦੇਸ਼ ਦਾ ਅਹਿਮ ਕਦਮ, ਭਾਰਤ ਸਮੇਤ ਹੋਰ ਵਿਦੇਸ਼ੀ ਰਾਜਦੂਤਾਂ ਦੀ "ਵਾਧੂ ਸੁਰੱਖਿਆ" ਲਈ ਵਾਪਸ

Tuesday, May 16, 2023 - 05:11 PM (IST)

ਬੰਗਲਾਦੇਸ਼ ਦਾ ਅਹਿਮ ਕਦਮ, ਭਾਰਤ ਸਮੇਤ ਹੋਰ ਵਿਦੇਸ਼ੀ ਰਾਜਦੂਤਾਂ ਦੀ "ਵਾਧੂ ਸੁਰੱਖਿਆ" ਲਈ ਵਾਪਸ

ਢਾਕਾ (ਭਾਸ਼ਾ)- ਬੰਗਲਾਦੇਸ਼ ਨੇ ਭਾਰਤ ਅਤੇ ਤਿੰਨ ਹੋਰ ਦੇਸ਼ਾਂ ਦੇ ਚੋਟੀ ਦੇ ਡਿਪਲੋਮੈਟਾਂ ਨੂੰ ਪ੍ਰਦਾਨ ਕੀਤੀ "ਵਾਧੂ ਸੁਰੱਖਿਆ" ਵਾਪਸ ਲੈ ਲਈ ਹੈ। ਵਿਦੇਸ਼ ਮੰਤਰੀ ਡਾ. ਏ.ਕੇ. ਅਬਦੁਲ ਮੋਮਨ ਨੇ ਮੰਗਲਵਾਰ ਨੂੰ ਇਸ ਸੇਵਾ ਨੂੰ ਬੇਲੋੜੀ, ਮਹਿੰਗੀ ਅਤੇ ਪੱਖਪਾਤੀ ਕਰਾਰ ਦਿੱਤਾ।  ਭਾਰਤ, ਅਮਰੀਕਾ, ਬ੍ਰਿਟੇਨ ਅਤੇ ਸਾਊਦੀ ਅਰਬ ਦੇ ਰਾਜਦੂਤਾਂ ਨੂੰ ਸ਼ਹਿਰ ਵਿੱਚੋਂ ਲੰਘਦੇ ਸਮੇਂ ਵਿਸ਼ੇਸ਼ ਸੁਰੱਖਿਆ ਪ੍ਰਦਾਨ ਕੀਤੀ ਗਈ ਸੀ। ਇਸ ਦੇ ਤਹਿਤ ਵਿਸ਼ੇਸ਼ ਸਾਜ਼ੋ-ਸਾਮਾਨ ਨਾਲ ਲੈਸ ਪੁਲਸ ਕਰਮਚਾਰੀ ਆਪਣੇ ਵਾਹਨਾਂ ਵਿੱਚ ਉਨ੍ਹਾਂ ਦੇ ਨਾਲ ਚੱਲਦੇ ਸਨ। ਇਕ ਜੁਲਾਈ 2016 ਨੂੰ ਢਾਕਾ ਦੇ ਇਕ ਨਾਮੀ ਰੈਸਟੋਰੈਂਟ ਵਿਚ ਇਸਲਾਮੀ ਅੱਤਵਾਦੀ ਹਮਲੇ ਦੇ ਬਾਅਦ ਇਨ੍ਹਾਂ ਦੇਸ਼ਾਂ ਦੇ ਰਾਜਦੂਤਾਂ ਦੀ ਸੁਰੱਖਿਆ ਵਧਾ ਦਿੱਤੀ ਗਈ ਸੀ। 

ਉਕਤ ਹਮਲੇ ਵਿਚ ਇੱਕ ਭਾਰਤੀ ਕੁੜੀ ਸਮੇਤ ਕੁੱਲ 20 ਲੋਕ ਮਾਰੇ ਗਏ ਸਨ। ਉਨ੍ਹਾਂ ਵਿਚੋਂ 17 ਲੋਕ ਵਿਦੇਸ਼ੀ ਸਨ। ਢਾਕਾ ਮੈਟਰੋਪੋਲੀਟਨ ਪੁਲਸ ਦੇ ਡਿਪਲੋਮੈਟਿਕ ਸੁਰੱਖਿਆ ਡਿਵੀਜ਼ਨ ਦੇ ਇਕ ਅਧਿਕਾਰੀ ਨੇ ਮੰਗਲਵਾਰ ਨੂੰ ਕਿਹਾ ਕਿ “ਅਸੀਂ ਕੁਝ ਖਾਸ ਦੇਸ਼ਾਂ ਦੇ ਰਾਜਦੂਤਾਂ ਅਤੇ ਹਾਈ ਕਮਿਸ਼ਨਰਾਂ ਨੂੰ ਵਾਧੂ ਸੁਰੱਖਿਆ ਪ੍ਰਦਾਨ ਕਰ ਰਹੇ ਸੀ, ਉਨ੍ਹਾਂ ਨੂੰ ਵਾਪਸ ਲੈ ਲਿਆ ਗਿਆ ਹੈ ਪਰ ਉਹਨਾਂ ਨੂੰ ਆਮ ਸੁਰੱਖਿਆ ਮਿਲਦੀ ਰਹੇਗੀ”। ਅਧਿਕਾਰੀ ਨੇ ਆਪਣਾ ਨਾਮ ਗੁਪਤ ਰੱਖਣ ਦੀ ਬੇਨਤੀ ਕਰਦਿਆਂ ਕਿਹਾ ਕਿ ਹਥਿਆਰਬੰਦ ਪੁਲਸ ਕਰਮਚਾਰੀ ਰਾਜਦੂਤਾਂ ਦੀ ਆਵਾਜਾਈ ਦੌਰਾਨ ਉਹਨਾਂ ਦੇ ਨਾਲ ਰਹਿਣਗੇ ਅਤੇ ਉਹਨਾਂ ਦੇ ਦਫਤਰਾਂ ਅਤੇ ਰਿਹਾਇਸ਼ਾਂ ਦੀ ਸੁਰੱਖਿਆ ਪਹਿਲਾਂ ਵਾਂਗ ਜਾਰੀ ਰਹੇਗੀ। 

ਪੜ੍ਹੋ ਇਹ ਅਹਿਮ ਖ਼ਬਰ-ਇਟਲੀ 'ਚ ਰੋਪੜ ਦੀ ਜੈਸਿਕਾ ਕੌਰ ਨੇ ਵਧਾਇਆ ਮਾਣ, ਚੋਣ ਜਿੱਤਣ ਵਾਲੀ ਬਣੀ ਪਹਿਲੀ ਪੰਜਾਬਣ

ਵਿਦੇਸ਼ ਮੰਤਰੀ ਨੇ ਕਿਹਾ ਕਿ ਮੌਜੂਦਾ ਕਾਨੂੰਨ ਵਿਵਸਥਾ ਦੇ ਮੱਦੇਨਜ਼ਰ ਕੁਝ ਰਾਜਦੂਤਾਂ ਨੂੰ ਵਾਧੂ ਸੁਰੱਖਿਆ ਦੀ ਲੋੜ ਨਹੀਂ ਹੈ ਅਤੇ ਇਹ ਵਾਧੂ ਸੁਰੱਖਿਆ ਵਾਪਸ ਲੈਣ ਦਾ ਫ਼ੈਸਲਾ ਕੀਤਾ ਗਿਆ ਹੈ ਕਿਉਂਕਿ ਇਨ੍ਹਾਂ ਚਾਰ ਦੇਸ਼ਾਂ ਤੋਂ ਇਲਾਵਾ ਕਈ ਹੋਰ ਦੂਤਘਰ ਵੀ ਇਸੇ ਤਰ੍ਹਾਂ ਦੀ ਸੁਰੱਖਿਆ ਦੀ ਮੰਗ ਕਰ ਰਹੇ ਹਨ। ਮੰਤਰੀ ਨੇ ਇਕ ਸਮਾਗਮ ਦੌਰਾਨ ਮੀਡੀਆ ਨੂੰ ਕਿਹਾ ਕਿ ਅਸੀਂ ਕਿਸੇ ਵੀ ਦੇਸ਼ ਦੇ ਰਾਜਦੂਤ ਨੂੰ ਵਾਧੂ ਸੁਰੱਖਿਆ ਮੁਹੱਈਆ ਨਾ ਕਰਨ ਦਾ ਫ਼ੈਸਲਾ ਕੀਤਾ ਹੈ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News