ਰੋਹਿੰਗਿਆ ਦੇ ਰਹਿਣ ਲਈ ਬੰਗਲਾਦੇਸ਼ ਬਣਾਏਗਾ 14,000 ਆਸ਼ਰਮ
Saturday, Sep 16, 2017 - 06:31 PM (IST)

ਕਾਕਸ ਬਾਜ਼ਾਰ— ਬੰਗਲਾਦੇਸ਼ ਸੜਕ ਕਿਨਾਰੇ ਖੇਤਾਂ 'ਚ ਤੇ ਪਹਾੜਾਂ 'ਤੇ ਕੈਂਪਾਂ 'ਚ ਰਹਿ ਰਹੇ ਰੋਹਿੰਗਿਆ ਮੁਸਲਮਾਨਾਂ ਦੇ ਲਈ 14,000 ਨਵੇਂ ਆਸ਼ਰਮ ਬਣਾਏਗਾ। ਸੰਯੁਕਤ ਰਾਸ਼ਟਰ ਮੁਤਾਬਕ ਰੋਹਿੰਗਿਆ ਵਿਧਰੋਹੀਆਂ ਦੇ ਹਮਲੇ ਦੇ ਜਵਾਬ 'ਚ ਮਿਆਂਮਾਰ ਫੌਜ ਦੀ ਕਾਰਵਾਈ ਤੋਂ ਬਾਅਦ 25 ਅਗਸਤ ਤੋਂ ਲੈ ਕੇ ਹੁਣ ਤੱਕ 4,00,000 ਰੋਹਿੰਗਿਆ ਬੰਗਲਾਦੇਸ਼ ਪਹੁੰਚ ਚੁੱਕੇ ਹਨ।
ਬੰਗਲਾਦੇਸ਼ ਦੇ ਅਧਿਕਾਰੀਆਂ ਨੇ ਕਿਹਾ ਕਿ ਕਾਕਸ ਬਾਜ਼ਾਰ 'ਚ ਰੋਹਿੰਗਿਆ ਦੇ ਮੌਜੂਦਾ ਕੈਂਪ ਦੇ ਨੇੜੇ 2,000 ਏਕੜ ਦੇ ਕੈਂਪ ਦਾ ਨਿਰਮਾਣ ਕੀਤਾ ਜਾਵੇਗਾ। ਕਾਕਸ ਬਾਜ਼ਾਰ ਜ਼ਿਲਾ ਮਿਆਂਮਾਰ ਦੀ ਸਰਹੱਦ ਨਾਲ ਲੱਗਦਾ ਇਲਾਕਾ ਹੈ। ਬੰਗਲਾਦੇਸ਼ ਆਪਦਾ ਪ੍ਰਬੰਧਨ ਸਕੱਤਰ ਸ਼ਾਹ ਕਮਾਲ ਨੇ ਕਿਹਾ ਕਿ ਸਰਕਾਰ ਨੇ ਤਕਰੀਬਨ 4 ਲੱਖ ਰੋਹਿੰਗਿਆ ਲਈ 14,000 ਆਸ਼ਰਮ ਬਣਾਉਣ ਦਾ ਫੈਸਲਾ ਲਿਆ ਹੈ। ਸਾਨੂੰ 10 ਦਿਨਾਂ 'ਚ ਇਨ੍ਹਾਂ ਦਾ ਨਿਰਮਾਣ ਕਰਨ ਲਈ ਕਿਹਾ ਗਿਆ ਹੈ। ਹਰ ਆਸ਼ਰਮ 'ਚ 6 ਪਰਿਵਾਰ ਰਹਿਣਗੇ। ਕਮਾਲ ਨੇ ਕਿਹਾ ਕਿ ਕੈਂਪਾਂ 'ਚ ਲੋੜੀਂਦੀ ਸਾਫ-ਸਫਾਈ ਪਾਣੀ ਤੇ ਸਿਹਤ ਸਬੰਧੀ ਸੁਵਿਧਾਵਾਂ ਦਾ ਵੀ ਖਿਆਲ ਰੱਖਿਆ ਜਾਵੇਗਾ। ਇਸ 'ਚ ਸੰਯੁਕਤ ਰਾਸ਼ਟਰ ਦੀਆਂ ਏਜੰਸੀਆਂ ਦੀ ਮਦਦ ਲਈ ਜਾਵੇਗੀ।