ਬੰਗਲਾਦੇਸ਼ 'ਚ ਅਸ਼ਾਂਤੀ: ਅਵਾਮੀ ਲੀਗ ਦੇ 20 ਨੇਤਾਵਾਂ ਦੀਆਂ ਮਿਲੀਆਂ ਲਾਸ਼ਾਂ

Wednesday, Aug 07, 2024 - 12:09 PM (IST)

ਬੰਗਲਾਦੇਸ਼ 'ਚ ਅਸ਼ਾਂਤੀ: ਅਵਾਮੀ ਲੀਗ ਦੇ 20 ਨੇਤਾਵਾਂ ਦੀਆਂ ਮਿਲੀਆਂ ਲਾਸ਼ਾਂ

ਢਾਕਾ (ਏਜੰਸੀ)- ਬੰਗਲਾਦੇਸ਼ 'ਚ ਚੱਲ ਰਹੀ ਅਸ਼ਾਂਤੀ ਵਿਚਕਾਰ ਦੇਸ਼ ਭਰ 'ਚ 29 ਲੋਕਾਂ ਦੀਆਂ ਲਾਸ਼ਾਂ ਮਿਲੀਆਂ ਹਨ, ਜਿਨ੍ਹਾਂ ਵਿਚ ਅਵਾਮੀ ਲੀਗ ਦੇ 20 ਨੇਤਾ ਸ਼ਾਮਲ ਹਨ। ਸਥਾਨਕ ਮੀਡੀਆ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਢਾਕਾ ਟ੍ਰਿਬਿਊਨ ਦੀ ਰਿਪੋਰਟ ਮੁਤਾਬਕ ਇਹ ਮੌਤਾਂ ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੇ ਅਸਤੀਫ਼ੇ ਅਤੇ ਸੋਮਵਾਰ ਨੂੰ ਦੇਸ਼ ਛੱਡਣ ਤੋਂ ਬਾਅਦ ਹੋਈਆਂ ਹਨ।

ਹਿੰਸਾ ਪ੍ਰਭਾਵਿਤ ਸਤਖੀਰਾ 'ਚ ਘੱਟੋ-ਘੱਟ 10 ਲੋਕ ਮਾਰੇ ਗਏ ਅਤੇ ਕੋਮਿਲਾ ਵਿੱਚ ਭੀੜ ਦੇ ਹਮਲਿਆਂ ਵਿੱਚ 11 ਹੋਰ ਲੋਕਾਂ ਦੀ ਮੌਤ ਹੋ ਗਈ। ਗੜਬੜ ਕਾਰਨ ਅਵਾਮੀ ਲੀਗ ਦੇ ਨੇਤਾਵਾਂ ਅਤੇ ਕਾਰਕੁਨਾਂ ਦੇ ਘਰਾਂ ਅਤੇ ਕਾਰੋਬਾਰੀ ਅਦਾਰਿਆਂ ਦੀ ਵਿਆਪਕ ਭੰਨ-ਤੋੜ ਅਤੇ ਲੁੱਟ-ਖਸੁੱਟ ਹੋਈ ਹੈ। ਪੁਲਸ ਨੇ ਕਈ ਸ਼ਹਿਰਾਂ ਵਿੱਚ ਅੱਗਜ਼ਨੀ ਦੀਆਂ ਘਟਨਾਵਾਂ ਦੀ ਵੀ ਰਿਪੋਰਟ ਕੀਤੀ ਹੈ। ਢਾਕਾ ਟ੍ਰਿਬਿਊਨ ਦੀ ਰਿਪੋਰਟ ਮੁਤਾਬਕ ਚਸ਼ਮਦੀਦਾਂ ਨੇ ਅਸ਼ੋਕਤਲਾ ਵਿੱਚ ਸਾਬਕਾ ਕੌਂਸਲਰ ਮੁਹੰਮਦ ਸ਼ਾਹ ਆਲਮ ਦੇ ਘਰ 'ਤੇ ਹੋਏ ਹਮਲੇ ਬਾਰੇ ਦੱਸਿਆ, ਜਿਸ ਨੂੰ "ਗੁੱਸੇ ਵਿਚ ਆਈ ਭੀੜ" ਨੇ ਅੱਗ ਲਾ ਦਿੱਤੀ ਸੀ। ਪੰਜ ਕਿਸ਼ੋਰਾਂ ਸਮੇਤ ਛੇ ਲੋਕ ਅੱਗ ਵਿੱਚ ਮਾਰੇ ਗਏ, ਜਿਨ੍ਹਾਂ ਦੀਆਂ ਲਾਸ਼ਾਂ ਸੋਮਵਾਰ ਰਾਤ ਅਤੇ ਮੰਗਲਵਾਰ ਸਵੇਰੇ ਬਰਾਮਦ ਕੀਤੀਆਂ ਗਈਆਂ।

ਪੜ੍ਹੋ ਇਹ ਅਹਿਮ ਖ਼ਬਰ-ਬੰਗਲਾਦੇਸ਼ ਹਿੰਸਾ: ਗੁਰਦੁਆਰਾ ਪ੍ਰਬੰਧਕ ਟੀਮ ਨੇ ਗੁਰਦੁਆਰਾ ਨਾਨਕ ਸ਼ਾਹੀ 'ਚ ਲਿਆ ਆਸਰਾ

ਇਸੇ ਤਰ੍ਹਾਂ ਨਟੋਰ-2 (ਸਦਰ ਅਤੇ ਨਲਦੰਗਾ) ਹਲਕੇ ਤੋਂ ਸੰਸਦ ਮੈਂਬਰ ਸ਼ਫੀਕੁਲ ਇਸਲਾਮ ਸ਼ਿਮੁਲ ਦੇ ਘਰ ਨੂੰ ਭੀੜ ਦੁਆਰਾ ਅੱਗ ਲਗਾਏ ਜਾਣ 'ਤੇ ਚਾਰ ਲੋਕਾਂ ਦੀ ਮੌਤ ਹੋ ਗਈ। ਬਾਅਦ ਵਿੱਚ ਉਨ੍ਹਾਂ ਦੀਆਂ ਲਾਸ਼ਾਂ ਘਰ ਦੇ ਵੱਖ-ਵੱਖ ਕਮਰਿਆਂ ਅਤੇ ਬਾਲਕੋਨੀ ਵਿੱਚੋਂ ਮਿਲੀਆਂ। ਢਾਕਾ ਵਿੱਚ ਗੁਲਿਸਤਾਨ ਖੇਤਰ ਵਿੱਚ ਅਵਾਮੀ ਲੀਗ ਦੇ ਕੇਂਦਰੀ ਦਫ਼ਤਰ ਦੇ ਕੁਝ ਹਿੱਸਿਆਂ ਨੂੰ ਵਾਰ-ਵਾਰ ਅੱਗ ਲਗਾ ਦਿੱਤੀ ਗਈ, ਇੱਥੋਂ ਤੱਕ ਕਿ ਸੈਂਕੜੇ ਲੋਕਾਂ ਨੇ ਬਲਦੀ ਇਮਾਰਤ ਵਿੱਚੋਂ ਫਰਨੀਚਰ, ਟਾਈਲਾਂ, ਰਾਡਾਂ ਅਤੇ ਹੋਰ ਸਮਾਨ ਲੁੱਟ ਲਿਆ। ਹਸੀਨਾ ਦੇ ਅਸਤੀਫ਼ੇ ਤੋਂ ਤੁਰੰਤ ਬਾਅਦ ਦਫਤਰ ਨੂੰ ਪਹਿਲਾਂ ਅੱਗ ਲਗਾ ਦਿੱਤੀ ਗਈ ਅਤੇ ਦੁਪਹਿਰ12:30 ਵਜੇ ਦੇ ਕਰੀਬ ਦੁਬਾਰਾ ਹਮਲਾ ਕੀਤਾ ਗਿਆ। ਫੇਨੀ ਵਿੱਚ ਸਥਾਨਕ ਪੁਲਸ ਨੂੰ ਬੁੱਧਵਾਰ ਨੂੰ ਦੋ ਜੁਬਾ ਲੀਗ ਨੇਤਾਵਾਂ, ਮੁਸ਼ਫਿਕਰ ਰਹੀਮ ਅਤੇ ਬਾਦਸ਼ਾ ਮੀਆ ਦੀਆਂ ਲਾਸ਼ਾਂ ਮਿਲੀਆਂ।

ਦੇਸ਼ ਭਰ ਵਿੱਚ ਅਵਾਮੀ ਲੀਗ ਦੇ ਆਗੂ ਅਤੇ ਘੱਟ ਗਿਣਤੀਆਂ ਚੱਲ ਰਹੀ ਹਿੰਸਾ ਦਾ ਮੁੱਖ ਨਿਸ਼ਾਨਾ ਬਣੀਆਂ ਹੋਈਆਂ ਹਨ। ਖਾਸ ਤੌਰ 'ਤੇ ਇੱਕ ਵਿਨਾਸ਼ਕਾਰੀ ਘਟਨਾ ਵਿੱਚ 24 ਲੋਕਾਂ ਦੀ ਮੌਤ ਹੋ ਗਈ ਜਦੋਂ ਭੀੜ ਨੇ ਖੁਲਾਨਾ ਡਿਵੀਜ਼ਨ ਵਿੱਚ ਜ਼ਬੀਰ ਇੰਟਰਨੈਸ਼ਨਲ ਹੋਟਲ ਨੂੰ ਅੱਗ ਲਗਾ ਦਿੱਤੀ। ਇਸ ਹੋਟਲ ਦੀ ਮਲਕੀਅਤ ਸ਼ਾਹੀਨ ਚੱਕਲਾਦਾਰ ਕੋਲ ਹੈ, ਜੋ ਕਿ ਜਾਸ਼ੋਰ ਜ਼ਿਲ੍ਹਾ ਅਵਾਮੀ ਲੀਗ ਦੇ ਜਨਰਲ ਸਕੱਤਰ ਹਨ। ਖੁਲਨਾ ਫਾਇਰ ਸਰਵਿਸ ਦੇ ਡਿਪਟੀ ਡਾਇਰੈਕਟਰ ਮਾਮੂਨ ਮਹਿਮੂਦ ਨੇ ਦੱਸਿਆ ਕਿ ਲਾਸ਼ਾਂ ਵੱਖ-ਵੱਖ ਮੰਜ਼ਿਲਾਂ 'ਤੇ ਪਈਆਂ ਸਨ। ਆਖਰਕਾਰ ਮੰਗਲਵਾਰ ਨੂੰ ਸਥਾਨਕ ਸਮੇਂ ਅਨੁਸਾਰ ਸਵੇਰੇ 5:45 ਵਜੇ ਅੱਗ 'ਤੇ ਕਾਬੂ ਪਾ ਲਿਆ ਗਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News