ਬੰਗਲਾਦੇਸ਼ ਨੇ ਪੋਚੀ ਪਾਕਿ ਦੀ ''ਫੱਟੀ'', ਪੀ.ਐਮ ਦੇ ਹੁਕਮਾਂ ''ਤੇ ਹੋਈ ਕਾਰਵਾਈ

Saturday, Sep 14, 2019 - 05:15 PM (IST)

ਬੰਗਲਾਦੇਸ਼ ਨੇ ਪੋਚੀ ਪਾਕਿ ਦੀ ''ਫੱਟੀ'', ਪੀ.ਐਮ ਦੇ ਹੁਕਮਾਂ ''ਤੇ ਹੋਈ ਕਾਰਵਾਈ

ਢਾਕਾ (ਏਜੰਸੀ)- ਆਰਥਿਕ ਮੰਦੀ ਨਾਲ ਜੂਝ ਰਿਹਾ ਪਾਕਿਸਤਾਨ ਜੰਮੂ-ਕਸ਼ਮੀਰ ਦੇ ਮਸਲੇ 'ਤੇ ਪੂਰੀ ਦੁਨੀਆ ਵਿਚ ਬੁਰੀ ਤਰ੍ਹਾਂ ਫੇਲ ਹੋ ਚੁੱਕਾ ਹੈ। ਇਨ੍ਹਾਂ ਸਭ ਦੇ ਦਰਮਿਆਨ ਹੁਣ ਬੰਗਲਾਦੇਸ਼ ਅਤੇ ਭਾਰਤ ਦੀ ਸਰਹੱਦ ਤੋਂ ਵੀ ਪਾਕਿਸਤਾਨ ਦੀ ਫੱਟੀ ਪੋਚੀ ਜਾ ਚੁੱਕੀ ਹੈ। ਬੰਗਲਾਦੇਸ਼ ਸਰਕਾਰ ਨੇ ਸਰਹੱਦ 'ਤੇ ਲੱਗੇ ਪਿੱਲਰਾਂ ਤੋਂ ਪੂਰਬੀ ਪਾਕਿਸਤਾਨ ਦਾ ਨਾਮੋ-ਨਿਸ਼ਾਨ ਮਿਟਾ ਦਿੱਤਾ ਹੈ। ਭਾਰਤ ਦੇ ਨਾਲ ਲੱਗਦੀ ਸਰਹੱਦ 'ਤੇ ਸਾਰੇ ਪਿੱਲਰਾਂ 'ਤੇ ਹੁਣ ਪੂਰਬੀ ਪਾਕਿਸਤਾਨ ਦੀ ਥਾਂ ਬੰਗਲਾਦੇਸ਼ ਲਿੱਖ ਦਿੱਤਾ ਗਿਆ ਹੈ। ਅਜਿਹਾ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੇ ਹੁਕਮ 'ਤੇ ਕੀਤਾ ਗਿਆ ਹੈ। ਇਹ ਜਾਣਕਾਰੀ ਬੰਗਲਾਦੇਸ਼ ਬਾਰਡਰ ਗਾਰਡ ਨੇ ਬਿਆਨ ਜਾਰੀ ਕਰਕੇ ਦਿੱਤੀ ਹੈ।

ਇਕ ਰਿਪੋਰਟ ਮੁਤਾਬਕ ਸਾਲ 1947 ਵਿਚ ਭਾਰਤ ਅਤੇ ਪਾਕਿਸਤਾਨ ਦੀ ਵੰਡ ਵੇਲੇ ਸਰਹੱਦ 'ਤੇ 8 ਹਜ਼ਾਰ ਤੋਂ ਜ਼ਿਆਦਾ ਪਿੱਲਰ ਲਗਾਏ ਗਏ ਸਨ, ਜਿਨ੍ਹਾਂ 'ਤੇ ਭਾਰਤ-ਪਾਕਿ ਲਿਖਿਆ ਸੀ। ਬੰਗਲਾਦੇਸ਼ 1971 ਵਿਚ ਪਾਕਿਸਤਾਨ ਤੋਂ ਆਜ਼ਾਦ ਹੋ ਕੇ ਵੱਖਰੇ ਰਾਸ਼ਟਰ ਵਜੋਂ ਹੋਂਦ ਵਿਚ ਆ ਗਿਆ, ਪਰ ਪਿੱਲਰਾਂ 'ਤੇ ਨਾਂ ਪੂਰਬੀ ਪਾਕਿਸਤਾਨ ਹੀ ਰਹਿ ਗਿਆ ਸੀ। ਜ਼ਿਕਰਯੋਗ ਹੈ ਕਿ ਭਾਰਤ ਸਰਕਾਰ ਨੇ ਸਰਹੱਦ 'ਤੇ ਲੱਗੇ ਪਿੱਲਰਾਂ 'ਤੇ ਪਾਕਿਸਤਾਨ ਦੀ ਬਜਾਏ ਬੰਗਲਾਦੇਸ਼ ਨਾਂ ਲਿਖਵਾਉਣ ਲਈ ਤਿੰਨ ਸਾਲ ਪਹਿਲਾਂ ਸਾਲ 2016 ਵਿਚ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਸਨ। ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਨੇ ਵਿਦੇਸ਼ ਮੰਤਰਾਲੇ ਨਾਲ ਸੰਪਰਕ ਸਾਧ ਕੇ ਇਸ ਦੇ ਲਈ ਜ਼ਰੂਰੀ ਰਸਮਾਂ ਨੂੰ ਪੂਰਾ ਕੀਤਾ। ਬੰਗਲਾਦੇਸ਼ ਦੀ ਸਰਕਾਰ ਪਿਛਲੇ ਸਾਲ ਪਿੱਲਰਾਂ 'ਤੇ ਨਾਂ ਬਦਲਣ ਲਈ ਸਹਿਮਤ ਹੋਈ ਸੀ। ਪਹਿਲੇ ਪੜਾਅ ਵਿਚ ਅਸਮ ਨਾਲ ਲੱਗਦੀ ਸਰਹੱਦ 'ਤੇ ਲੱਗੇ ਪਿੱਲਰਾਂ 'ਤੇ ਦਰਜ ਨਾਂ ਬਦਲੇ ਗਏ।


author

Sunny Mehra

Content Editor

Related News