ਬੰਗਲਾਦੇਸ਼ : ਰੋਹਿੰਗਿਆ ਸ਼ਰਨਾਰਥੀ ਕੈਂਪ ''ਚ ਗੈਂਗਵਾਰ, 8 ਦੀ ਮੌਤ ਤੇ ਹਜ਼ਾਰਾਂ ਲੋਕ ਭੱਜੇ

Friday, Oct 09, 2020 - 06:25 PM (IST)

ਢਾਕਾ (ਬਿਊਰੋ):: ਦੱਖਣੀ ਬੰਗਲਾਦੇਸ਼ ਵਿਚ ਰੋਹਿੰਗਿਆ ਸ਼ਰਨਾਰਥੀ ਕੈਂਪਾਂ ਵਿਚ ਅਪਰਾਧਿਕ ਹਥਿਆਰਬੰਦ ਸਮੂਹਾਂ ਵਿਚਾਲੇ ਹੋਏ ਗੈਂਗਵਾਰ ਨੇ ਹਜ਼ਾਰਾਂ ਲੋਕਾਂ ਨੂੰ ਭੱਜਣ 'ਤੇ ਮਜਬੂਰ ਕਰ ਦਿੱਤਾ ਹੈ। ਇਸ ਵਿਚ ਘੱਟੋ-ਘੱਟ 8 ਲੋਕ ਮਾਰੇ ਗਏ ਹਨ। ਪੁਲਸ ਅਤੇ ਮਨੁੱਖਤਾਵਾਦੀ ਕਾਰਕੁੰਨਾਂ ਨੇ ਵੀਰਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਗੋਲੀਬਾਰੀ, ਅੱਗਜ਼ਨੀ ਅਤੇ ਅਗਵਾ ਕਰਨ ਸੰਬੰਧੀ ਘਟਨਾਵਾਂ ਦੇ ਬਾਅਦ 12 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। 

ਸਰਬੋਤਮਤਾ ਦੀ ਲੜਾਈ ਕਰਕੇ ਇਹਨਾਂ ਗੁੱਟਾਂ ਵਿਚ ਇਹ ਝੜਪ ਦੇਖਣ ਨੂੰ ਮਿਲੀ, ਜਿੱਥੇ ਇਹ ਘਟਨਾ ਵਾਪਰੀ ਹੈ ਉਹ ਦੁਨੀਆ ਦਾ ਸਭ ਤੋਂ ਵੱਡਾ ਸ਼ਰਨਾਰਥੀ ਕੈਂਪ ਹੈ, ਜਿੱਥੇ ਇਕ ਲੱਖ ਤੋਂ ਵੱਧ ਲੋਕ ਰਹਿੰਦੇ ਹਨ। ਸਮਾਚਾਰ ਏਜੰਸੀ ਰਾਇਟਰਜ਼ ਦੇ ਮੁਤਾਬਕ, ਕੌਕਸ ਬਾਜ਼ਾਰ ਦੇ ਨੇੜੇ ਸ਼ਹਿਰ ਵਿਚ ਤਾਇਨਾਤ ਵਧੀਕ ਪੁਲਸ ਸੁਪਰਡੈਂਟ ਰਫੀਕੁਲ ਇਸਲਾਮ ਨੇ ਫੋਨ 'ਤੇ ਦੱਸਿਆ ਕਿ ਉੱਥੇ ਤਣਾਅਪੂਰਨ ਸਥਿਤੀ ਕਾਇਮ ਹੈ। ਉਹਨਾਂ ਨੇ ਦੱਸਿਆ ਕਿ ਦੋ ਗੁੱਟ ਆਪਣੇ ਦਬਦਬੇ ਦੇ ਲਈ ਲੜ ਰਹੇ ਹਨ। ਮੰਨਿਆ ਜਾ ਰਿਹਾ ਹੈ ਕਿ ਉਹ ਮਨੁੱਖੀ ਅਤੇ ਡਰੱਗਜ਼ ਤਸਕਰੀ ਵਿਚ ਸ਼ਾਮਲ ਹੋ ਸਕਦੇ ਹਨ। 

ਪੜ੍ਹੋ ਇਹ ਅਹਿਮ ਖਬਰ- ਭਾਰਤ ਦੀਆਂ ਵਿਕਾਸ ਸੰਬੰਧੀ ਇੱਛਾਵਾਂ ਨੂੰ ਹਕੀਕਤ ਬਣਾਉਣ ਲਈ ਅਮਰੀਕਾ ਇਕ ਮਜ਼ਬੂਤ ਹਿੱਸੇਦਾਰ : ਸੰਧੂ

ਇਹ ਇਲਾਕਾ ਡਰੱਗਜ਼ ਦੀ ਤਸਕਰੀ ਲਈ ਜਾਣਿਆ ਜਾਂਦਾ ਹੈ, ਜੋ ਮਿਆਂਮਾਰ ਨਾਲ ਲੱਗਾ ਹੋਇਆ ਹੈ। ਮਨੁੱਖੀ ਅਧਿਕਾਰ ਸਮੂਹਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਵਿਚ 2018 ਤੋਂ ਲੈਕੇ ਹੁਣ ਤੱਕ ਘੱਟੋ-ਘੱਟ 100 ਤੋਂ ਵੱਧ ਰੋਹਿੰਗਿਆ ਮਾਰੇ ਜਾ ਚੁੱਕੇ ਹਨ। ਮਨੁੱਖੀ ਅਧਿਕਾਰ ਸਮੂਹਾਂ ਨੇ ਇਹਨਾਂ ਘਟਨਾਵਾਂ ਦੇ ਪਿੱਛੇ ਵਾਧੂ ਨਿਆਂਇਕ ਕਤਲ ਦਾ ਵੀ ਦੋਸ਼ ਲਗਾਇਆ ਹੈ। ਪਰ ਪੁਲਸ ਦਾ ਕਹਿਣਾ ਹੈ ਕਿ ਸ਼ੱਕੀ ਡਰੱਗਜ਼ ਤਸਕਰਾਂ ਨਾਲ ਐਨਕਾਊਂਟਰ ਦੇ ਦੌਰਾਨ ਕਰਾਸ ਫਾਈਰਿੰਗ ਦੀ ਚਪੇਟ ਵਿਚ ਆਉਣ ਨਾਲ ਅਜਿਹੇ ਲੋਕਾਂ ਦੀ ਮੌਤ ਹੋਈ ਹੈ। 

ਨਾਮ ਨਾ ਦੱਸਣ ਦੀ ਸ਼ਰਤ 'ਤੇ ਤਿੰਨ ਸ਼ਰਨਾਰਥੀਆਂ ਨੇ ਦੱਸਿਆ ਕਿ ਇਸ ਗੋਲੀਬਾਰੀ ਦੇ ਪਿੱਛੇ ਦੋ ਬਦਨਾਮ ਸਥਾਨਕ ਗੁੱਟ ਹਨ ਜੋ ਡਰੱਗਜ਼ ਦੀ ਤਸਕਰੀ ਵਿਚ ਵੀ ਸ਼ਾਮਲ ਹਨ। ਇਕ ਗੁੱਟ ਦਾ ਨਾਮ 'ਮੁੰਨਾ' ਗੈਂਗ ਜਦਕਿ ਦੂਜਾ ਅਰਾਕਾਨ ਰੋਹਿੰਗਿਆ ਸਾਲਵੇਸ਼ਨ ਆਰਮੀ ਹੈ। ਇਸ ਵਿਚ ਇਕ ਹਥਿਆਰਬੰਦ ਸਮੂਹ ਹੈ ਜਿਸ ਦੀ ਇਸ ਕੈਂਪ ਵਿਚ ਮੌਜੂਦਗੀ ਹੈ। ਸ਼ਰਨਾਰਥੀਆਂ ਨੇ ਅਗਵਾ ਕਰਨ ਅਤੇ ਹਮਲਿਆਂ ਨੂੰ ਅੰਜਾਮ ਦੇਣ ਦਾ ਦੋਸ਼ ਲਗਾਇਆ ਹੈ। ਉੱਥੇ ਵਧੀਕ ਸ਼ਰਨਾਰਥੀ ਰਾਹਤ ਅਤੇ ਹਵਾਲਗੀ ਕਮਿਸ਼ਨਰ ਮੁਹੰਮਦ ਸ਼ਮਸੁ ਡੌਜ਼ਾ ਨੇ ਦੱਸਿਆ ਕਿ ਹਿੰਸਾ ਦੇ ਕਾਰਨ ਲੱਗਭਗ 2,000 ਰੋਹਿੰਗਿਆ ਪਰਿਵਾਰ ਵਿਸਥਾਪਿਤ ਹੋ ਗਏ ਸਨ ਭਾਵੇਂਕਿ ਵੀਰਵਾਰ ਤੱਕ ਕੁਝ ਲੋਕ ਵਾਪਸ ਪਰਤ ਆਏ ਸਨ।


Vandana

Content Editor

Related News