ਬੰਗਲਾਦੇਸ਼: ਹਸੀਨਾ ਦੇ ਸੱਤਾ ਤੋਂ ਲਾਂਭੇ ਹੋਣ ਤੋਂ ਬਾਅਦ ਹਿੰਸਾ 'ਚ 100 ਤੋਂ ਵੱਧ ਲੋਕਾਂ ਦੀ ਮੌਤ

Tuesday, Aug 06, 2024 - 03:57 PM (IST)

ਢਾਕਾ (ਭਾਸ਼ਾ)- ਸ਼ੇਖ ਹਸੀਨਾ ਵੱਲੋਂ ਸੋਮਵਾਰ ਨੂੰ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਅਤੇ ਦੇਸ਼ ਛੱਡਣ ਤੋਂ ਬਾਅਦ ਪੈਦਾ ਹੋਈ ਹਫੜਾ-ਦਫੜੀ ਅਤੇ ਹਿੰਸਾ ਦਰਮਿਆਨ 100 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ। ਮੰਗਲਵਾਰ ਨੂੰ ਕਈ ਖ਼ਬਰਾਂ 'ਚ ਇਹ ਜਾਣਕਾਰੀ ਦਿੱਤੀ ਗਈ। bdnews24.com ਨਿਊਜ਼ ਪੋਰਟਲ ਨੇ ਕਿਹਾ ਕਿ ਸੋਮਵਾਰ ਨੂੰ ਅਸ਼ਾਂਤੀ ਅਤੇ ਰਾਤ ਭਰ ਤਣਾਅਪੂਰਨ ਸਥਿਤੀ ਤੋਂ ਬਾਅਦ ਮੰਗਲਵਾਰ ਸਵੇਰੇ ਢਾਕਾ ਵਿੱਚ ਸਥਿਤੀ ਕਾਫ਼ੀ ਹੱਦ ਤੱਕ ਸ਼ਾਂਤ ਰਹੀ। ਰਿਪੋਰਟਾਂ ਅਨੁਸਾਰ ਸੜਕਾਂ 'ਤੇ ਬੱਸਾਂ ਅਤੇ ਹੋਰ ਜਨਤਕ ਵਾਹਨ ਦੇਖੇ ਗਏ ਅਤੇ ਸਥਾਨਕ ਦੁਕਾਨਦਾਰਾਂ ਨੇ ਵੀ ਆਪਣੀਆਂ ਦੁਕਾਨਾਂ ਖੋਲ੍ਹ ਲਈਆਂ। ਨਿਊਜ਼ ਪੋਰਟਲ ਦੀ ਰਿਪੋਰਟ ਮੁਤਾਬਕ ਸਰਕਾਰੀ ਵਾਹਨ ਦਫ਼ਤਰਾਂ ਵੱਲ ਜਾਂਦੇ ਵੇਖੇ ਗਏ ਅਤੇ ਕਈ ਬੈਟਰੀ ਨਾਲ ਚੱਲਣ ਵਾਲੇ ਰਿਕਸ਼ੇ ਵੀ ਸੜਕਾਂ 'ਤੇ ਦੇਖੇ ਗਏ। 

ਰਿਹਾਇਸ਼ਾਂ ਅਤੇ ਵਪਾਰਕ ਅਦਾਰਿਆਂ ਨੂੰ ਬਣਾਇਆ ਗਿਆ ਨਿਸ਼ਾਨਾ 

ਬੰਗਲਾਦੇਸ਼ ਵਿਚ ਸੋਮਵਾਰ ਨੂੰ ਉਸ ਸਮੇਂ ਹਫੜਾ-ਦਫੜੀ ਫੈਲ ਗਈ ਜਦੋਂ ਸ਼ੇਖ ਹਸੀਨਾ ਨੇ ਅਚਾਨਕ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਅਤੇ ਫੌਜੀ ਜਹਾਜ਼ ਵਿਚ ਦੇਸ਼ ਛੱਡ ਦਿੱਤਾ। ਜਿਵੇਂ ਹੀ ਹਸੀਨਾ ਦੇ ਦੇਸ਼ ਛੱਡਣ ਦੀ ਖ਼ਬਰ ਫੈਲੀ ਤਾਂ ਸੈਂਕੜੇ ਲੋਕ ਉਨ੍ਹਾਂ ਦੀ ਿਰਹਾਇਸ਼ 'ਚ ਦਾਖਲ ਹੋ ਗਏ ਅਤੇ ਭੰਨਤੋੜ ਤੇ ਲੁੱਟਮਾਰ ਕੀਤੀ। ਪ੍ਰਦਰਸ਼ਨਕਾਰੀਆਂ ਨੇ ਹਸੀਨਾ ਦੀ ਰਿਹਾਇਸ਼ 'ਸੁਧਾ ਸਦਨ' ਅਤੇ ਰਾਜਧਾਨੀ ਦੇ ਹੋਰ ਅਦਾਰਿਆਂ 'ਤੇ ਹਮਲਾ ਕੀਤਾ, ਭੰਨਤੋੜ ਅਤੇ ਅੱਗਜ਼ਨੀ ਕੀਤੀ। ਢਾਕਾ ਅਤੇ ਢਾਕਾ ਤੋਂ ਬਾਹਰ ਹਸੀਨਾ ਦੀ ਅਵਾਮੀ ਲੀਗ ਸਰਕਾਰ ਦੇ ਮੰਤਰੀਆਂ, ਪਾਰਟੀ ਸੰਸਦ ਮੈਂਬਰਾਂ ਅਤੇ ਨੇਤਾਵਾਂ ਦੀਆਂ ਰਿਹਾਇਸ਼ਾਂ ਅਤੇ ਵਪਾਰਕ ਅਦਾਰਿਆਂ ਨੂੰ ਵੀ ਨਿਸ਼ਾਨਾ ਬਣਾਇਆ ਗਿਆ। 

ਪੜ੍ਹੋ ਇਹ ਅਹਿਮ ਖ਼ਬਰ-ਸ਼ੇਖ ਹਸੀਨਾ ਨੇ ਗੁਆਈ ਸੱਤਾ, ਜਾਣੋ ਬੰਗਲਾਦੇਸ਼ 'ਚ ਤਖ਼ਤਾਪਲਟ ਦੇ ਵੱਡੇ ਕਾਰਨ

ਮਾਰੇ ਗਏ 119 ਲੋਕ 

ਵੱਖ-ਵੱਖ ਸਥਾਨਕ ਮੀਡੀਆ ਆਉਟਲੈਟਾਂ ਅਨੁਸਾਰ ਰਾਜਧਾਨੀ ਅਤੇ ਹੋਰ ਵੱਖ-ਵੱਖ ਥਾਵਾਂ 'ਤੇ ਹਿੰਦੂ ਮੰਦਰਾਂ 'ਤੇ ਹਮਲਿਆਂ, ਹਿੰਸਾ ਅਤੇ ਵਿਆਪਕ ਲੁੱਟਮਾਰ ਵਿੱਚ 119 ਲੋਕ ਮਾਰੇ ਗਏ ਹਨ। ਬੰਗਾਲੀ ਭਾਸ਼ਾ ਦੇ ਰੋਜ਼ਾਨਾ ਅਖਬਾਰ 'ਪ੍ਰਥਮ ਆਲੋ' ਨੇ ਮੰਗਲਵਾਰ ਨੂੰ ਖਬਰ ਦਿੱਤੀ ਕਿ ਸੋਮਵਾਰ ਨੂੰ ਢਾਕਾ ਸਮੇਤ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਹੋਈਆਂ ਝੜਪਾਂ 'ਚ ਘੱਟੋ-ਘੱਟ 109 ਲੋਕ ਮਾਰੇ ਗਏ। ਇਸ ਤੋਂ ਪਹਿਲਾਂ ਅਖਬਾਰ ਨੇ ਐਤਵਾਰ ਦੁਪਹਿਰ 12 ਵਜੇ ਤੱਕ 98 ਮੌਤਾਂ ਅਤੇ ਐਤਵਾਰ ਅੱਧੀ ਰਾਤ ਤੱਕ 16 ਹੋਰ ਮੌਤਾਂ ਦੀ ਖ਼ਬਰ ਦਿੱਤੀ ਸੀ। ਉਨ੍ਹਾਂ ਕਿਹਾ ਕਿ ਐਤਵਾਰ ਨੂੰ ਕੁੱਲ 114 ਲੋਕਾਂ ਦੀ ਮੌਤ ਹੋ ਗਈ। ਅਖਬਾਰ ਨੇ ਕਿਹਾ, "ਇਸ ਨਾਲ 16 ਜੁਲਾਈ ਤੋਂ ਕੱਲ੍ਹ ਤੱਕ 21 ਦਿਨਾਂ ਵਿੱਚ ਹਿੰਸਾ ਵਿੱਚ ਜਾਨਾਂ ਗੁਆਉਣ ਵਾਲੇ ਲੋਕਾਂ ਦੀ ਕੁੱਲ ਗਿਣਤੀ 440 ਹੋ ਗਈ ਹੈ।" ਅਖਬਾਰ ਨੇ ਕਿਹਾ ਕਿ ਢਾਕਾ ਵਿੱਚ ਸੋਮਵਾਰ ਨੂੰ ਸਵੇਰੇ 11 ਵਜੇ ਤੋਂ ਰਾਤ 8 ਵਜੇ ਤੱਕ 37 ਲਾਸ਼ਾਂ ਮਿਲੀਆਂ, ਜਿਨ੍ਹਾਂ ਨੂੰ ਮੈਡੀਕਲ ਕਾਲਜ ਹਸਪਤਾਲ ਲਿਆਂਦਾ ਗਿਆ। ਅਖ਼ਬਾਰ ਨੇ ਹਸਪਤਾਲ ਦੇ ਸੂਤਰਾਂ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ 500 ਜ਼ਖਮੀਆਂ ਨੂੰ ਹਸਪਤਾਲ ਲਿਆਂਦਾ ਗਿਆ ਸੀ, ਜਿਨ੍ਹਾਂ 'ਚੋਂ ਕਈਆਂ ਨੂੰ ਗੋਲੀਆਂ ਲੱਗੀਆਂ ਸਨ। 

ਲੰਮੇ ਸਮੇਂ ਤੋਂ ਬੰਦ ਪਏ ਵਿਦਿਅਕ ਅਦਾਰੇ ਮੁੜ ਖੁੱਲ੍ਹੇ

ਢਾਕਾ ਟ੍ਰਿਬਿਊਨ ਅਖਬਾਰ ਨੇ ਕਿਹਾ ਕਿ ਸੋਮਵਾਰ ਨੂੰ ਪੁਲਸ ਅਤੇ ਦੰਗਾਕਾਰੀਆਂ ਵਿਚਾਲੇ ਝੜਪਾਂ ਤੋਂ ਬਾਅਦ ਰਾਜਧਾਨੀ ਦੇ ਬਾਹਰੀ ਹਿੱਸੇ 'ਚ ਧਮਰਾਈ ਅਤੇ ਸਾਵਰ 'ਚ ਘੱਟੋ-ਘੱਟ 18 ਲੋਕ ਮਾਰੇ ਗਏ। ਉਨ੍ਹਾਂ ਕਿਹਾ ਕਿ ਸੋਮਵਾਰ ਨੂੰ ਰਾਜਧਾਨੀ ਦੇ ਉੱਤਰਾ 'ਚ ਸਾਦੇ ਕੱਪੜਿਆਂ 'ਚ ਕੁਝ ਲੋਕਾਂ ਨੇ ਕਥਿਤ ਤੌਰ 'ਤੇ ਪ੍ਰਦਰਸ਼ਨਕਾਰੀਆਂ 'ਤੇ ਗੋਲੀਬਾਰੀ ਕੀਤੀ ਤਾਂ 10 ਲੋਕਾਂ ਦੀ ਮੌਤ ਹੋ ਗਈ। ਅਖਬਾਰ ਮੁਤਾਬਕ ਹਬੀਗੰਜ ਵਿਚ ਛੇ, ਜੇਸੋਰ ਵਿਚ ਅੱਠ, ਖੁਲਨਾ ਵਿਚ ਤਿੰਨ, ਬਾਰੀਸਾਲ ਵਿਚ ਤਿੰਨ, ਲਕਸ਼ਮੀਪੁਰ ਵਿਚ 11, ਕੁਸ਼ਟੀਆ ਵਿਚ ਛੇ, ਸਤਖੀਰਾ ਵਿਚ ਤਿੰਨ ਅਤੇ ਗਾਜ਼ੀਪੁਰ ਦੇ ਸ੍ਰੀਪੁਰ ਵਿਚ ਛੇ ਲੋਕਾਂ ਦੀ ਮੌਤ ਹੋ ਗਈ। ਬੰਗਲਾਦੇਸ਼ ਦੇ ਰਾਸ਼ਟਰਪਤੀ ਮੁਹੰਮਦ ਸ਼ਹਾਬੁਦੀਨ ਨੇ ਸੋਮਵਾਰ ਦੇਰ ਰਾਤ ਸਾਰੀਆਂ ਰਾਜਨੀਤਿਕ ਪਾਰਟੀਆਂ ਨੂੰ ਦੇਸ਼ ਵਿੱਚ ਕਾਨੂੰਨ ਵਿਵਸਥਾ ਦੀ ਸਥਿਤੀ ਨੂੰ ਆਮ ਬਣਾਉਣ ਵਿੱਚ ਮਦਦ ਕਰਨ ਦੀ ਅਪੀਲ ਕੀਤੀ ਅਤੇ ਹਥਿਆਰਬੰਦ ਬਲਾਂ ਨੂੰ ਲੋਕਾਂ ਦੀ ਜਾਨ-ਮਾਲ ਅਤੇ ਸਰਕਾਰੀ ਜਾਇਦਾਦਾਂ ਦੀ ਸੁਰੱਖਿਆ ਲਈ ਸਖ਼ਤ ਕਦਮ ਚੁੱਕਣ ਦੇ ਨਿਰਦੇਸ਼ ਦਿੱਤੇ। ‘ਢਾਕਾ ਟ੍ਰਿਬਿਊਨ’ ਦੀ ਰਿਪੋਰਟ ਅਨੁਸਾਰ ਵਿਦਿਆਰਥੀ ਅੰਦੋਲਨ ਕਾਰਨ ਭੜਕੀ ਹਿੰਸਾ ਕਾਰਨ ਲੰਮੇ ਸਮੇਂ ਤੋਂ ਬੰਦ ਪਏ ਵਿਦਿਅਕ ਅਦਾਰੇ ਮੰਗਲਵਾਰ ਨੂੰ ਮੁੜ ਖੁੱਲ੍ਹ ਗਏ ਪਰ ਢਾਕਾ ਦੀਆਂ ਸੰਸਥਾਵਾਂ ਵਿੱਚ ਵਿਦਿਆਰਥੀਆਂ ਦੀ ਹਾਜ਼ਰੀ ਬਹੁਤ ਘੱਟ ਰਹੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News