ਬੰਗਲਾਦੇਸ਼ ''ਚ ਆਨਲਾਈਨ ਠੱਗਾਂ ਦੇ ਗਿਰੋਹ ਦਾ ਪਰਦਾਫਾਸ਼ ! ਪੁਲਸ ਨੇ 70 ਵਿਦੇਸ਼ੀ ਨਾਗਰਿਕਾਂ ਨੂੰ ਕੀਤਾ ਕਾਬੂ

Friday, Sep 11, 2026 - 01:11 PM (IST)

ਬੰਗਲਾਦੇਸ਼ ''ਚ ਆਨਲਾਈਨ ਠੱਗਾਂ ਦੇ ਗਿਰੋਹ ਦਾ ਪਰਦਾਫਾਸ਼ ! ਪੁਲਸ ਨੇ 70 ਵਿਦੇਸ਼ੀ ਨਾਗਰਿਕਾਂ ਨੂੰ ਕੀਤਾ ਕਾਬੂ

ਇੰਟਰਨੈਸ਼ਨਲ ਡੈਸਕ- ਬੰਗਲਾਦੇਸ਼ ਦੇ ਚਟਗਾਂਵ ਸ਼ਹਿਰ ਦੇ ਖੁਲਸ਼ੀ ਇਲਾਕੇ 'ਚ ਪੁਲਸ ਨੇ ਇੱਕ ਵੱਡੀ ਕਾਰਵਾਈ ਕਰਦਿਆਂ ਆਨਲਾਈਨ ਠੱਗੀ ਅਤੇ ਜੂਏ ਵਰਗੀਆਂ ਗੈਰ-ਕਾਨੂੰਨੀ ਗਤੀਵਿਧੀਆਂ 'ਚ ਸ਼ਾਮਲ ਹੋਣ ਦੇ ਦੋਸ਼ ਹੇਠ ਚੀਨੀ, ਪਾਕਿਸਤਾਨੀ ਅਤੇ ਵੀਅਤਨਾਮੀ ਨਾਗਰਿਕਾਂ ਸਣੇ ਘੱਟੋ-ਘੱਟ 70 ਲੋਕਾਂ ਨੂੰ ਹਿਰਾਸਤ 'ਚ ਲਿਆ ਹੈ। ਪੁਲਸ ਨੇ ਇੱਕ ਪੂਰੀ ਇਮਾਰਤ 'ਚ ਦੇਰ ਰਾਤ ਤੱਕ ਚੱਲੇ ਇਸ ਆਪ੍ਰੇਸ਼ਨ ਦੌਰਾਨ ਵੱਡੀ ਮਾਤਰਾ 'ਚ ਇਲੈਕਟ੍ਰੌਨਿਕ ਸਾਮਾਨ ਵੀ ਬਰਾਮਦ ਕੀਤਾ ਹੈ।

ਖੁਲਸ਼ੀ ਪੁਲਸ ਥਾਣੇ ਦੇ ਇੰਚਾਰਜ ਮੁਹੰਮਦ ਅਬਦੁਰ ਰਹੀਮ ਅਨੁਸਾਰ, ਵਿਦੇਸ਼ੀ ਨਾਗਰਿਕਾਂ ਦੇ ਇਸ ਗਰੁੱਪ ਨੇ ਆਨਲਾਈਨ ਠੱਗੀ ਅਤੇ ਜੂਏ ਦਾ ਅੱਡਾ ਚਲਾਉਣ ਲਈ ਪੂਰੀ ਇਮਾਰਤ ਕਿਰਾਏ 'ਤੇ ਲਈ ਹੋਈ ਸੀ। ਪੁਲਸ ਨੇ ਛਾਪੇਮਾਰੀ ਦੌਰਾਨ ਲੈਪਟਾਪ, ਮੋਬਾਈਲ ਫ਼ੋਨ ਅਤੇ ਹੋਰ ਡਿਜੀਟਲ ਉਪਕਰਨ ਜ਼ਬਤ ਕੀਤੇ ਹਨ। ਹਿਰਾਸਤ 'ਚ ਲਏ ਗਏ ਕਈ ਵਿਦੇਸ਼ੀਆਂ ਨੇ ਦਾਅਵਾ ਕੀਤਾ ਹੈ ਕਿ ਉਹ ਲਗਭਗ 6 ਹਫ਼ਤੇ ਪਹਿਲਾਂ 'ਵੀਜ਼ਾ ਆਨ ਅਰਾਈਵਲ' ਰਾਹੀਂ ਬੰਗਲਾਦੇਸ਼ ਪਹੁੰਚੇ ਸਨ।

ਪੁਲਸ ਫਿਲਹਾਲ ਇਹ ਜਾਂਚ ਕਰ ਰਹੀ ਹੈ ਕਿ ਕੀ ਫੜੇ ਗਏ ਵਿਦੇਸ਼ੀ ਨਾਗਰਿਕਾਂ ਕੋਲ ਵੈਲਿਡ ਪਾਸਪੋਰਟ ਅਤੇ ਵੀਜ਼ਾ ਹੈ ਜਾਂ ਨਹੀਂ, ਅਤੇ ਇਹ ਵੀ ਕਿ ਕੀ ਉਹ ਬੰਗਲਾਦੇਸ਼ 'ਚ ਗੈਰ-ਕਾਨੂੰਨੀ ਤੌਰ 'ਤੇ ਕੰਮ ਤਾਂ ਨਹੀਂ ਕਰ ਰਹੇ ਸਨ। ਫਿਲਹਾਲ ਮੁਲਜ਼ਮਾਂ ਦੀ ਪਛਾਣ, ਨਾਗਰਿਕਤਾ ਅਤੇ ਇਸ ਪੂਰੇ ਗਿਰੋਹ 'ਚ ਉਨ੍ਹਾਂ ਦੀ ਭੂਮਿਕਾ ਦੀ ਪੁਸ਼ਟੀ ਕੀਤੀ ਜਾ ਰਹੀ ਹੈ। ਪੁਲਸ ਅਧਿਕਾਰੀਆਂ ਅਨੁਸਾਰ ਮਾਮਲੇ ਦੇ ਹੋਰ ਖ਼ੁਲਾਸੇ ਜਲਦ ਹੀ ਇੱਕ ਪ੍ਰੈੱਸ ਕਾਨਫ਼ਰੰਸ ਰਾਹੀਂ ਕੀਤੇ ਜਾਣਗੇ।


author

Harpreet SIngh

Content Editor

Related News