ਬੰਗਲਾਦੇਸ਼ੀ ਸਾਂਸਦ ਨੇ ਯੂਨੀਵਰਸਿਟੀ ਪ੍ਰੀਖਿਆ ''ਚ ਬੈਠਾਏ ਆਪਣੇ 8 ਹਮਸ਼ਕਲ
Tuesday, Oct 22, 2019 - 02:34 PM (IST)

ਢਾਕਾ (ਬਿਊਰੋ) : ਬੰਗਲਾਦੇਸ਼ ਦਾ ਇਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਇੱਥੇ ਯੂਨੀਵਰਸਿਟੀ ਨੇ ਇਕ ਬੰਗਲਾਦੇਸ਼ੀ ਸਾਂਸਦ ਨੂੰ ਪ੍ਰੀਖਿਆ ਵਿਚ ਆਪਣੀ ਜਗ੍ਹਾ 8 ਹਮਸ਼ਕਲ ਬਿਠਾਉਣ ਦੇ ਦੋਸ਼ ਵਿਚ ਬਾਹਰ ਕੱਢ ਦਿੱਤਾ ਹੈ। ਸੱਤਾਧਾਰੀ ਅਵਾਮੀ ਲੀਗ ਦੀ ਸਾਂਸਦ ਤੰਮਨਾ ਨੁਸਰਤ 'ਤੇ ਦੋਸ਼ ਹੈ ਕਿ ਉਨ੍ਹਾਂ ਨੇ 13 ਪ੍ਰੀਖਿਆਵਾਂ ਵਿਚ 8 ਹਮਸ਼ਕਲਾਂ ਨੂੰ ਬਿਠਾਇਆ। ਇਸ ਦੇ ਬਦਲੇ ਉਨ੍ਹਾਂ ਨੂੰ ਪੈਸੇ ਵੀ ਦਿੱਤੇ ਗਏ।
ਇਹ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਇਕ ਨਿੱਜੀ ਚੈਨਲ ਦੇ ਪ੍ਰਤੀਨਿਧੀ ਨੇ ਪ੍ਰੀਖਿਆ ਹਾਲ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਦਾ ਸਾਹਮਣਾ ਨੁਸਰਤ ਦੀ ਜਗ੍ਹਾ ਪ੍ਰੀਖਿਆ ਦੇ ਰਹੀ ਮਹਿਲਾ ਨਾਲ ਹੋ ਗਿਆ। ਇਸ ਦਾ ਵੀਡੀਓ ਵਾਇਰਲ ਹੋਣ ਦੇ ਬਾਅਦ ਪੂਰੇ ਦੇਸ਼ ਵਿਚ ਹੰਗਾਮਾ ਮਚ ਗਿਆ। ਪਿਛਲੇ ਸਾਲ ਸਾਂਸਦ ਚੁਣੀ ਗਈ ਨੁਸਰਤ ਬੰਗਲਾਦੇਸ਼ ਓਪਨ ਯੂਨੀਵਰਸਿਟੀ (ਬੀ.ਓ.ਯੂ.) ਤੋਂ ਬੈਚਲਰ ਆਫ ਆਰਟਸ ਦੀ ਪੜ੍ਹਾਈ ਕਰ ਰਹੀ ਹੈ। ਬੰਗਲਾਦੇਸ਼ ਓਪਨ ਯੂਨੀਵਰਸਿਟੀ ਦੇ ਪ੍ਰਧਾਨ ਮੰਨਾਨ ਨੇ ਦੱਸਿਆ ਕਿ ਸਾਂਸਦ ਨੇ ਅਪਰਾਧ ਕੀਤਾ ਹੈ ਇਸ ਲਈ ਯੂਨੀਵਰਸਿਟੀ ਨੇ ਉਸ ਨੂੰ ਬਾਹਰ ਕੱਢ ਦਿੱਤਾ ਹੈ। ਯੂਨੀਵਰਸਿਟੀ ਨੇ ਉਸ ਦੀ ਨਾਮਜ਼ਦਗੀ ਰੱਦ ਕਰ ਦਿੱਤੀ ਹੈ। ਹੁਣ ਉਹ ਇੱਥੇ ਦੁਬਾਰਾ ਦਾਖਲਾ ਨਹੀਂ ਲੈ ਸਕੇਗੀ।