ਬੰਗਲਾਦੇਸ਼ ''ਚ ''ਮੁਜੀਬ ਸਾਲ'' ਦਾ ਉਦਘਾਟਨ ਸਮਾਰੋਹ ਟਲਿਆ

3/9/2020 1:32:08 PM

ਢਾਕਾ (ਭਾਸ਼ਾ): ਬੰਗਲਾਦੇਸ਼ ਨੇ ਕੋਰੋਨਾਵਾਇਰਸ ਦੇ 3 ਮਾਮਲੇ ਸਾਹਮਣੇ ਆਉਣ ਦੇ ਬਾਅਦ ਦੇਸ਼ ਦੇ ਸੰਸਥਾਪਕ ਸ਼ੇਖ ਮੁਜੀਬ-ਉਰ-ਰਹਿਮਾਨ ਦੀ 100ਵੀਂ ਵਰ੍ਹੇਗੰਢ 'ਤੇ ਹੋਣ ਵਾਲੇ ਸ਼ਤਾਬਦੀ ਸਮਾਰੋਹ ਨੂੰ ਟਾਲਣ ਦਾ ਫੈਸਲਾ ਲਿਆ ਹੈ। ਸਾਲ ਭਰ ਚੱਲਣ ਵਾਲੇ ਜਸ਼ਨ ਦੀ ਸ਼ੁਰੂਆਤ 17 ਮਾਰਚ ਨੂੰ ਢਾਕਾ ਦੇ ਨੈਸ਼ਨਲ ਪਰੇਡ ਗ੍ਰਾਊਂਡ ਤੋਂ ਹੋਣੀ ਸੀ ਅਤੇ ਇਸ ਵਿਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਵਿਭਿੰਨ ਦੇਸ਼ਾਂ ਦੀਆਂ ਮਸ਼ਹੂਰ ਸ਼ਖਸੀਅਤਾਂ ਦੇ ਸ਼ਾਮਲ ਹੋਣ ਦੀ ਆਸ ਸੀ। ਦਿੱਲੀ ਵਿਚ ਸੂਤਰਾਂ ਨੇ ਸੋਮਵਾਰ ਨੂੰ ਦੱਸਿਆ ਕਿ ਮੋਦੀ ਸਮਾਰੋਹ ਵਿਚ ਸ਼ਿਰਕਤ ਨਹੀਂ ਕਰਨਗੇ। 

ਵਿਦੇਸ਼ ਮੰਤਰੀ ਏ.ਕੇ. ਅਬਦੁੱਲ ਮੋਮਿਨ ਨੇ ਐਤਵਾਰ ਨੂੰ ਪੱਤਰਕਾਰਾਂ ਨੂੰ ਕਿਹਾ,''ਦੁਨੀਆ ਭਰ ਵਿਚ ਕੋਰੋਨਾਵਾਇਰਸ ਦੇ ਪ੍ਰਕੋਪ ਦੇ ਮੱਦੇਨਜ਼ਰ ਮੁਜੀਬ ਸਾਲ ਦੇ ਪ੍ਰਸਤਾਵਿਤ ਸਮਾਰੋਹ ਦੇ ਪ੍ਰੋਗਰਾਮ ਵਿਚ ਫੇਰਬਦਲ ਕੀਤਾ ਗਿਆ ਹੈ।'' ਉਹਨਾਂ ਨੇ ਕਿਹਾ,''ਅਸੀਂ ਸਮਾਰੋਹ ਦੇ ਪ੍ਰਸਤਾਵਿਤ ਉਦਘਾਟਨ ਪ੍ਰੋਗਰਾਮ ਵਿਚ ਫੇਰਬਦਲ ਦੇ ਬਾਰੇ ਵਿਚ ਵਿਦੇਸ਼ੀ ਸ਼ਖਸੀਅਤਾਂ ਨੂੰ ਜਾਣੂ ਕਰਾਵਾਂਗੇ ਅਤੇ ਇਹ ਫੈਸਲਾ ਉਹਨਾਂ 'ਤੇ ਛੱਡ ਦਿੱਤਾ ਜਾਵੇਗਾ ਕਿ ਉਹ ਆਉਣਾ ਚਾਹੁੰਦੇ ਹਨ ਜਾਂ ਨਹੀਂ।''

ਪੜ੍ਹੋ ਇਹ ਅਹਿਮ ਖਬਰ - ਇਸ ਸਾਲ ਖਤਮ ਨਹੀਂ ਹੋਵੇਗਾ ਕੋਰੋਨਾ, SARS ਦਾ ਇਲਾਜ ਲੱਭਣ ਵਾਲੇ ਡਾਕਟਰ ਦਾ ਦਾਅਵਾ

'ਮੁਜੀਬ ਸਾਲ' ਪ੍ਰੋਗਰਾਮਾਂ ਨੂੰ ਕਰਵਾਉਣ ਦੇ ਉਦੇਸ਼ ਨਾਲ ਗਠਿਤ ਰਾਸ਼ਟਰੀ ਕਮੇਟੀ ਦੇ ਮੁੱਖ ਕੋਆਰਡੀਨੇਟਰ ਕਮਾਲ ਅਬਦੁੱਲ ਨਾਸੀਰ ਚੌਧਰੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਆਯੋਜਕਾਂ ਨੂੰ ਨਿਰਦੇਸ਼ ਦਿੱਤਾ ਹੈ ਕਿ ਪ੍ਰੋਗਰਾਮਾਂ ਨੂੰ ਬਹੁਤ ਵੱਡੇ ਪੱਧਰ 'ਤੇ ਆਯੋਜਿਤ ਨਾ ਕੀਤਾ ਜਾਵੇ। ਉਹਨਾਂ ਨੇ ਦੱਸਿਆ ਕਿ ਉਦਘਾਟਨ ਸਮਾਰੋਹ ਦੇ ਨਵੇਂ ਸਥਲ 'ਤੇ ਹਾਲੇ ਫੈਸਲਾ ਨਹੀਂ ਹੋਇਆ ਹੈ। ਬੰਗਲਾਦੇਸ਼ ਨੇ ਸੰਸਦ ਦੇ ਅਸਧਾਰਨ ਸੰਸਦੀ ਸੈਸ਼ਨ ਨੂੰ ਸੰਬੋਧਿਤ ਕਰਨ ਲਈ ਭਾਰਤ ਦੇ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਅਤੇ ਨੇਪਾਲ ਦੀ ਰਾਸ਼ਟਰਪਤੀ ਵਿੱਦਿਆ ਦੇਵੀ ਭੰਡਾਰੀ ਨੂੰ ਵੀ ਸੱਦਾ ਦਿੱਤਾ ਹੈ। 

ਪ੍ਰਧਾਨ ਮੰਤਰੀ ਦੀ ਅਧਿਕਾਰਤ ਰਿਹਾਇਸ਼ 'ਤੇ ਹੋਈ ਬੈਠਕ ਵਿਚ ਦਿੱਤੇ ਗਏ ਨਿਰਦੇਸ਼ ਦਾ ਹਵਾਲਾ ਦਿੰਦੇ ਹੋਏ ਨਾਸਿਰ ਨੇ ਕਿਹਾ ਕਿ ਉਦਘਾਟਨ ਪ੍ਰੋਗਰਾਮ ਦਾ ਆਯੋਜਨ ਕੀਤਾ ਜਾਵੇਗਾ ਪਰ ਇਹਨਾਂ ਵਿਚ ਲੋਕਾਂ ਨੂੰ ਵੱਡੀ ਗਿਣਤੀ ਵਿਚ ਆਉਣ ਤੋਂ ਰੋਕਿਆ ਜਾਵੇਗਾ। ਉਹਨਾਂ ਨੇ ਕਿਹਾ ਕਿ ਜਿਹੜੀਆਂ ਵਿਦੇਸ਼ੀ ਸ਼ਖਸੀਅਤਾਂ ਨੇ ਉਦਘਾਟਨ ਪ੍ਰੋਗਰਾਮ ਵਿਚ ਹਿੱਸਾ ਲੈਣਾ ਸੀ ਉਹ ਹੁਣ ਸਾਲ ਭਰ ਚੱਲਣ ਵਾਲੇ ਪ੍ਰੋਗਰਾਮ ਦੇ ਦੌਰਾਨ ਸੁਵਿਧਾਜਨਕ ਸਮੇਂ 'ਤੇ ਸ਼ਿਰਕਤ ਕਰਨਗੀਆਂ। 

ਪੜ੍ਹੋ ਇਹ ਅਹਿਮ ਖਬਰ - ਅਪ੍ਰੈਲ 'ਚ ਆ ਸਕਦੈ ਕੋਰੋਨਾਵਾਇਰਸ ਦਾ ਟੀਕਾ, ਚੀਨੀ ਸਿਹਤ ਅਧਿਕਾਰੀ ਦਾ ਦਾਅਵਾ

ਮੁਜੀਬ ਨੂੰ ਬੰਗਲਾਦੇਸ਼ ਦੀ ਆਜ਼ਾਦੀ ਦੇ ਪਿੱਛੇ ਦੀ ਪ੍ਰੇਰਕ ਸ਼ਕਤੀ ਮੰਨਿਆ ਜਾਂਦਾ ਹੈ। ਉਹ ਬੰਗਲਾਦੇਸ਼ ਦੇ ਲੋਕਾਂ ਵਿਚ ਬੰਗਬੰਧੂ (ਬਾਂਗਲਾ ਦੇ ਦੋਸਤ) ਦੇ ਨਾਮ ਨਾਲ ਲੋਕਪ੍ਰਿਅ ਹਨ। ਉਹਨਾਂ ਦੀ ਬੇਟੀ ਸ਼ੇਖ ਹਸੀਨਾ ਦੇਸ਼ ਦੀ ਪ੍ਰਧਾਨ ਮੰਤਰੀ ਹੈ। ਅਧਿਕਾਰੀਆਂ ਨੇ ਕਿਹਾ ਕਿ ਬੰਗਲਾਦੇਸ਼ ਵਿਚ ਐਤਵਾਰ ਨੂੰ ਕੋਰੋਨਾਵਾਇਰਸ ਦੇ 3 ਮਾਮਲੇ ਸਾਹਮਣੇ ਆਏ। ਇਹਨਾਂ ਵਿਚ 2 ਲੋਕ ਇਟਲੀ ਤੋਂ ਆਏ ਸਨ ਅਤੇ ਉਹਨਾਂ ਦੇ ਹੀ ਸੰਪਰਕ ਵਿਚ ਆ ਕੇ ਤੀਜਾ ਵਿਅਕਤੀ ਵੀ ਇਨਫੈਕਟਿਡ ਹੋ ਗਿਆ।


Vandana

Edited By Vandana