ਬੰਗਲਾਦੇਸ਼ : ਵਿਦਿਆਰਥੀਆਂ ਦਾ ਜਿਨਸੀ ਸ਼ੋਸ਼ਣ ਕਰਨ ਦੇ ਮਾਮਲੇ ''ਚ ਮੌਲਾਨਾ ਗ੍ਰਿਫਤਾਰ
Tuesday, Jul 23, 2019 - 09:42 AM (IST)

ਢਾਕਾ (ਬਿਊਰੋ)— ਬੰਗਲਾਦੇਸ਼ ਵਿਚ ਇਕ ਮੌਲਵੀ ਨੂੰ 12 ਨਾਬਾਲਗ ਵਿਦਿਆਰਥੀਆਂ ਦਾ ਕਥਿਤ ਜਿਨਸੀ ਸ਼ੋਸ਼ਣ ਕਰਨ ਦੇ ਮਾਮਲੇ ਵਿਚ ਗ੍ਰਿਫਤਾਰ ਕੀਤਾ ਗਿਆ ਹੈ। ਮੁਸਲਿਮ ਬਹੁ ਗਿਣਤੀ ਇਸ ਦੇਸ਼ ਵਿਚ ਹੋਈ ਇਸ ਘਟਨਾ ਨੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਹੈ। ਪੁਲਸ ਨੇ ਦੱਸਿਆ ਕਿ 42 ਸਾਲਾ ਇਦਰਿਸ ਅਹਿਮਦ ਨੂੰ ਢਾਕਾ ਦੇ ਦੱਖਣੀ ਖਾਨ ਖੇਤਰ ਵਿਚ ਇਕ ਮਦਰਸੇ ਵਿਚ 12 ਨਾਬਾਲਗਾਂ ਦਾ ਜਿਨਸੀ ਸ਼ੋਸ਼ਣ ਕਰਨ ਦੇ ਮਾਮਲੇ ਵਿਚ ਗ੍ਰਿਫਤਾਰ ਕੀਤਾ ਗਿਆ ਹੈ। ਇਨ੍ਹਾਂ ਮੁੰਡਿਆਂ ਦੀ ਉਮਰ 12 ਤੋਂ 19 ਸਾਲ ਦੇ ਵਿਚ ਹੈ।
ਪੁਲਸ ਨੇ ਸੋਮਵਾਰ ਨੂੰ ਦੱਸਿਆ ਕਿ ਇਕ ਅਪਰਾਧ ਤਾਂ ਮੌਲਾਨਾ ਦੀ ਗ੍ਰਿਫਤਾਰੀ ਤੋਂ ਇਕ ਹਫਤੇ ਪਹਿਲਾਂ ਹੀ ਹੋਇਆ ਹੈ। ਮੌਲਾਨਾ ਨੇ ਉਸ ਦਾ ਵੀਡੀਓ ਵੀ ਬਣਾਇਆ ਸੀ। ਮਦਰਸੇ ਤੋਂ ਗ੍ਰਿਫਤਾਰ ਹੋਣ ਵਾਲਾ ਮੌਲਾਨਾ ਤੀਜਾ ਟੀਚਰ ਹੈ। ਇਸ ਤੋਂ ਪਹਿਲਾਂ ਵੀ ਦੋ ਟੀਚਰਾਂ ਨੂੰ ਵਿਦਿਆਰਥੀਆਂ ਦਾ ਜਿਨਸੀ ਸ਼ੋਸ਼ਣ ਕਰਨ ਦੇ ਮਾਮਲੇ ਵਿਚ ਗ੍ਰਿਫਤਾਰ ਕੀਤਾ ਗਿਆ ਸੀ। ਗੌਰਤਲਬ ਹੈ ਕਿ ਮਦਰਸੇ ਦੇ ਕਈ ਪੁਰਾਣੇ ਵਿਦਿਆਰਥੀਆਂ ਨੇ ਹਾਲ ਹੀ ਦੇ ਹਫਤਿਆਂ ਵਿਚ ਸੋਸ਼ਲ ਮੀਡੀਆ 'ਤੇ ਪੋਸਟ ਲਿਖੀ ਸੀ ਕਿ ਉਨ੍ਹਾਂ ਦੇ ਟੀਚਰਾਂ ਉਨ੍ਹਾਂ ਦਾ ਯੌਨ ਸ਼ੋਸ਼ਣ ਕੀਤਾ।