ਅਲੀਬਾਬਾ ਸਣੇ ਚੀਨ ਦੀਆਂ ਕੁਝ ਹੋਰ ਕੰਪਨੀਆਂ ''ਤੇ ਟਰੰਪ ਲਾ ਸਕਦੇ ਹਨ ਬੈਨ
Sunday, Aug 16, 2020 - 11:39 PM (IST)
ਵਾਸ਼ਿੰਗਟਨ - ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸ਼ਨੀਵਾਰ ਨੂੰ ਕਿਹਾ ਕਿ ਉਹ ਅਲੀਬਾਬਾ ਸਮੇਤ ਚੀਨ ਦੀਆਂ ਹੋਰ ਦੂਜੀਆਂ ਕੰਪਨੀਆਂ 'ਤੇ ਵੀ ਦਬਾਅ ਵਧਾ ਸਕਦੇ ਹਨ। ਚੀਨ ਦੀ ਕੰਪਨੀ ਟਿਕ-ਟਾਕ 'ਤੇ ਟਰੰਪ ਪਹਿਲਾਂ ਹੀ ਬੈਨ ਲਾ ਚੁੱਕੇ ਹਨ। ਇਕ ਪੱਤਰਕਾਰ ਸੰਮੇਲਨ ਵਿਚ ਜਦ ਟਰੰਪ ਤੋਂ ਪੁੱਛਿਆ ਗਿਆ ਕਿ ਉਹ ਅਲੀਬਾਬਾ ਸਣੇ ਚੀਨ ਦੀਆਂ ਕੁਝ ਹੋਰ ਕੰਪਨੀਆਂ 'ਤੇ ਵੀ ਬੈਨ ਲਾਉਣ ਦੇ ਬਾਰੇ ਵਿਚ ਵਿਚਾਰ ਕਰ ਰਹੇ ਹਨ ਤਾਂ ਇਸ ਦੇ ਜਵਾਬ ਵਿਚ ਟਰੰਪ ਨੇ ਕਿਹਾ ਹਾਂ, ਅਸੀਂ ਦੂਜੀਆਂ ਚੀਜ਼ਾਂ ਨੂੰ ਵੀ ਦੇਖ ਰਹੇ ਹਾਂ। ਟਰੰਪ ਚੀਨ ਦੇ ਮਲਕੀਅਤ ਵਾਲੀਆਂ ਕੰਪਨੀਆਂ 'ਤੇ ਦਬਾਅ ਬਣਾ ਰਹੇ ਹਨ।
ਅਮਰੀਕਾ ਨੇ ਸ਼ੁੱਕਰਵਾਰ ਨੂੰ ਚੀਨ ਦੀ ਕੰਪਨੀ ਬਾਈਟਡਾਂਸ ਨੂੰ ਆਦੇਸ਼ ਵੀ ਜਾਰੀ ਕੀਤਾ ਕਿ ਉਹ 90 ਦਿਨਾਂ ਦੇ ਅੰਦਰ ਟਿਕ-ਟਾਕ ਦੇ ਕੰਮ ਨੂੰ ਬੰਦ ਕਰ ਦੇਣ। ਅਮਰੀਕਾ ਨੇ ਨਿੱਜੀ ਡਾਟਾ ਸੁਰੱਖਿਆ ਨੂੰ ਲੈ ਕੇ ਇਸ ਦਬਾਅ ਨੂੰ ਹੋਰ ਵਧਾ ਦਿੱਤਾ ਹੈ। ਟਰੰਪ, ਚੀਨ ਨੂੰ ਲੈ ਕੇ ਬੀਤੇ ਕੁਝ ਸਮੇਂ ਤੋਂ ਲਗਾਤਾਰ ਹਲਮਾਵਰ ਰਹੇ ਹਨ। ਉਨ੍ਹਾਂ ਨੇ, ਅਮਰੀਕਾ ਚੀਨ ਵਪਾਰਕ ਸਬੰਧਾਂ ਨੂੰ ਆਪਣੇ ਕਾਰਜਕਾਲ ਵਿਚ ਇਕ ਕੇਂਦਰੀ ਵਿਸ਼ੇ ਵਿਚ ਬਦਲ ਦਿੱਤਾ ਹੈ। ਹਾਲਾਂਕਿ ਕੁਝ ਮੌਕੇ ਅਜਿਹੇ ਰਹੇ ਹਨ ਜਦ ਉਨ੍ਹਾਂ ਨੇ ਚੀਨ ਦੀ ਤਰੀਫ ਵੀ ਕੀਤੀ ਹੈ। ਸੋਆਬੀਨ ਅਤੇ ਮੱਕੇ ਜਿਹੇ ਖੇਤੀਬਾੜੀ ਉਤਪਾਦਾਂ ਦੀ ਖਰੀਦ ਦੀ ਤਰੀਫ ਕਰਦੇ ਹੋਏ ਪਿਛਲੇ ਸਾਲ ਦੋਹਾਂ ਦੇਸ਼ਾਂ ਵਿਚਾਲੇ ਵਪਾਰਕ ਸਮਝੌਤੇ ਵੀ ਹੋਏ ਸਨ।