ਬ੍ਰਿਸਬੇਨ ''ਚ ਬਲਵੰਤ ਸਾਨੀਪੁਰ ਦਾ ਰੂ-ਬ-ਰੂ, ਸਨਮਾਨ ਅਤੇ ਕਿਤਾਬ ''ਸ਼ਬਦ ਵਸੀਅਤ ਮੇਰੀ'' ਲੋਕ ਅਰਪਣ

Monday, Feb 21, 2022 - 10:21 AM (IST)

ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ): ਆਸਟ੍ਰੇਲੀਆ ਦੀ ਸਿਰਮੌਰ ਸਾਹਿਤਕ ਸੰਸਥਾ ਇੰਡੋਜ਼ ਪੰਜਾਬੀ ਸਾਹਿਤ ਅਕਾਦਮੀ ਆਸਟ੍ਰੇਲੀਆ ਵੱਲੋਂ ਸਥਾਨਿਕ ਇੰਡੋਜ਼ ਪੰਜਾਬੀ ਲਾਇਬ੍ਰੇਰੀ ਇਨਾਲਾ ਵਿਖੇ ਪੰਜਾਬੀ ਲੇਖਕ, ਕਿਸਾਨ ਯੂਨੀਅਨ ਆਗੂ ਅਤੇ ਸਮਾਜ ਸੇਵੀ ਬਲਵੰਤ ਸਾਨੀਪੁਰ ਦੇ ਸਨਮਾਨ ਵਿਚ ਇਕ ਸਮਾਗਮ ਆਯੋਜਿਤ ਕੀਤਾ ਗਿਆ, ਜਿਸ ਵਿਚ ਉਹਨਾਂ ਦੀ ਨਵ-ਪ੍ਰਕਾਸ਼ਿਤ ਕਾਵਿ ਪੁਸਤਕ ਸ਼ਬਦ ਵਸੀਅਤ ਲੋਕ ਅਰਪਣ ਕੀਤੀ ਗਈ। ਬਲਵੰਤ ਸਾਨੀਪੁਰ ਦਾ ਤੁਆਰਫ਼ ਕਰਵਾਉਂਦਿਆਂ ਸਰਬਜੀਤ ਸੋਹੀ ਨੇ ਦੱਸਿਆ ਕਿ ਬਲਵੰਤ ਸਾਨੀਪੁਰ ਨੇ ਜਿੱਥੇ ਵਿਚਾਰਧਾਰਕ ਤੌਰ 'ਤੇ ਚੇਤੰਨ ਹੁੰਦਿਆਂ ਕਿਸਾਨ ਸੰਘਰਸ਼ਾਂ ਵਿਚ ਸਦਾ ਹੀ ਹਿੱਸਾ ਪਾਇਆ ਹੈ, ਉੱਥੇ ਖੇਡਾਂ ਨਾਲ ਉਹਨਾਂ ਦੀ ਸਦਾ ਹੀ ਮੁਹੱਬਤ ਰਹੀ ਹੈ। ਸਮਾਜ ਦੀ ਆਰਥਿਕ ਪੱਖ ਤੋਂ ਸੇਵਾ ਕਰਦਿਆਂ ਉਹ ਕਲਮ ਰਾਹੀਂ ਵੀ ਲੋਕ ਮਸਲਿਆਂ ਬਾਰੇ ਲਿਖਦੇ ਹੋਏ ਬਿਹਤਰ ਸਮਾਜ ਦੀ ਸਿਰਜਣਾ ਲਈ ਫਿਕਰਮੰਦ ਰਹਿੰਦੇ ਹਨ। ਪੰਜਾਬ ਦੀ ਮਿੱਟੀ ਦੀ ਮਹਿਕ ਸਦਾ ਹੀ ਬਲਵੰਤ ਸਾਨੀਪੁਰ ਦੇ ਲਿਖਤਾਂ ਅਤੇ ਜੀਵਨ ਸ਼ੈਲੀ ਦਾ ਹਿੱਸਾ ਬਣੀ ਰਹਿੰਦੀ ਹੈ।

ਪੜ੍ਹੋ ਇਹ ਅਹਿਮ ਖ਼ਬਰ- ਆਸਟ੍ਰੇਲੀਆ 'ਚ ਕੌਮਾਂਤਰੀ ਮਾਂ-ਬੋਲੀ ਦਿਵਸ ਦੌਰਾਨ 'ਪੰਜਾਬੀ' ਨੂੰ ਪ੍ਰਫੁਲਿਤ ਕਰਨ ਲਈ ਪ੍ਰੇਰਿਆ

ਸਮਾਗਮ ਦੇ ਪਹਿਲੇ ਭਾਗ ਵਿਚ ਦਲਵੀਰ ਹਲਵਾਰਵੀ ਦੁਆਰਾ ਪਿਛਲੇ ਦਿਨੀਂ ਵਿਛੋੜਾ ਦੇ ਗਏ ਯੁੱਗ ਗੀਤਕਾਰ ਦੇਵ ਥਰੀਕਿਆਂ ਵਾਲੇ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਉਹਨਾਂ ਦੀ ਜੀਵਨ ਯਾਤਰਾ ਅਤੇ ਕਲਮੀ ਸਫ਼ਰ ਬਾਰੇ ਹਾਜ਼ਰੀਨ ਨਾਲ ਸਾਂਝ ਪਾਉਂਦਿਆਂ ਭਾਵਪੂਰਨ ਸ਼ਰਧਾਂਜਲੀ ਦਿੱਤੀ ਗਈ। ਇਸ ਉਪਰੰਤ ਹੋਏ ਕਵੀ ਦਰਬਾਰ ਵਿੱਚ ਸਰਬਜੀਤ ਸੋਹੀ, ਅਮਨਪ੍ਰੀਤ ਕੌਰ ਟੱਲੇਵਾਲ, ਇਕਬਾਲ ਸਿੰਘ ਧਾਮੀ, ਸੁਰਜੀਤ ਸੰਧੂ, ਹਰਜੀਤ ਸੰਧੂ, ਪਾਲ ਰਾਊਕੇ, ਰੁਪਿੰਦਰ ਸੋਜ਼, ਤਜਿੰਦਰ ਭੰਗੂ, ਦਲਵੀਰ ਹਲਵਾਰਵੀ, ਪੁਸ਼ਪਿੰਦਰ ਤੂਰ ਆਦਿ ਕਵੀਆਂ ਨੇ ਆਪਣੀਆਂ ਰਚਨਾਵਾਂ ਨਾਲ ਮੰਚ 'ਤੇ ਹਾਜ਼ਰੀ ਲਵਾਈ। ਅੰਤ ਵਿਚ ਬਲਵੰਤ ਸਾਨੀਪੁਰ ਨੇ ਆਪਣੇ ਜੀਵਨ ਪੰਧ ਦੇ ਅਹਿਮ ਮੋੜਾਂ ਅਤੇ ਜੀਵਨ ਮਨੋਰਥ ਤੇ ਪਹਿਰਾ ਦਿੰਦਿਆਂ ਬਿਤਾਏ ਪਲਾਂ ਨਾਲ ਸਾਂਝ ਪਵਾਈ ਅਤੇ ਇੰਡੋਜ਼ ਪੰਜਾਬੀ ਸਾਹਿਤ ਅਕਾਦਮੀ ਆਫ਼ ਆਸਟ੍ਰੇਲੀਆ ਦੁਆਰਾ ਕੀਤੇ ਜਾ ਰਹੇ ਸਾਹਿਤਕ ਕਾਰਜਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹ ਇਸ ਸੰਸਥਾ ਦੀ ਹਰ ਪੱਖ ਤੋਂ ਭਵਿੱਖ ਵਿਚ ਵੀ ਇਮਦਾਦ ਕਰਦੇ ਰਹਿਣਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ਼ਮਸ਼ੇਰ ਸਿੰਘ ਚੀਮਾਬਾਠ, ਬਿਕਰਮਜੀਤ ਸਿੰਘ ਚੰਦੀ, ਹਰਪਾਲ ਸਿੰਘ ਧੀਰੇਕੋਟ, ਦੀਪਇੰਦਰ ਸਿੰਘ, ਆਤਮਾ ਹੇਅਰ, ਜਰਨੈਲ ਸਿੰਘ ਬਾਸੀ, ਐਡਵੋਕੇਟ ਗੁਰਪ੍ਰੀਤ ਸਿੰਘ ਬੱਲ ਆਦਿ ਹਾਜ਼ਰ ਸਨ। ਸਟੇਜ ਸੈਕਟਰੀ ਦੀ ਭੂਮਿਕਾ ਰੁਪਿੰਦਰ ਸੋਜ਼ ਵੱਲੋਂ ਬਾਖੂਬੀ ਨਿਭਾਈ ਗਈ।


Vandana

Content Editor

Related News