ਨੀਦਰਲੈਂਡ ’ਚ ਬਲੂਚ ਨਾਗਰਿਕਾਂ ਨੇ ਪਾਕਿਸਤਾਨੀ ਫੌਜ ਦੇ ਖ਼ਿਲਾਫ਼ ਕੀਤਾ ਪ੍ਰਦਰਸ਼ਨ
Monday, Jun 28, 2021 - 01:56 PM (IST)
ਇੰਟਰਨੈਸ਼ਨਲ ਡੈਸਕ (ਬਿਊਰੋ)– ਬਲੂਚ ਨੈਸ਼ਨਲ ਮੂਵਮੈਂਟ (ਬੀ. ਐੱਨ. ਐੱਮ.) ਨੇ ਪਾਕਿਸਤਾਨ ਦੇ ਬਲੂਚਿਸਤਾਨ ਸੂਬੇ ’ਚ ਸੁਰੱਖਿਆ ਬਲਾਂ ਵਲੋਂ ਰਾਜਨੀਤਕ ਗਤੀਵਿਧੀਆਂ ਤੇ ਅਗਵਾ ਦੇ ਮਾਮਲਿਆਂ ਨੂੰ ਲੈ ਕੇ ਯੂਰਪ ’ਚ ਵਿਰੋਧ ਪ੍ਰਦਰਸ਼ਨ ਤੇਜ਼ ਕਰ ਦਿੱਤਾ ਹੈ। ਸ਼ਨੀਵਾਰ ਨੂੰ ਬੀ. ਐੱਨ. ਐੱਮ. ਨੀਦਰਲੈਂਡ ਜ਼ੋਨ ਨੇ ਡੈਮ ਸੁਕੇਅਰ ਐਮਸਟਰਡਮ ’ਚ ਬਲੂਚਿਸਤਾਨ ’ਚ ਨਾਗਰਿਕਾਂ ਦੇ ਜਬਰਨ ਗਾਇਬ ਹੋਣ ਦੇ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਕੀਤਾ ਤੇ ਡਾ. ਦੀਨ ਮੁਹੰਮਦ ਬਲੂਚ ਦੀ ਸੁਰੱਖਿਅਤ ਰਿਹਾਈ ਦੀ ਮੰਗ ਕੀਤੀ।
ਪਾਕਿ ਫੌਜ ਨੇ ਡਾ. ਦੀਨ ਮੁਹੰਮਦ ਬਲੂਚ ਨੂੰ 12 ਸਾਲ ਪਹਿਲਾਂ ਅਗਵਾ ਕਰ ਲਿਆ ਸੀ। ਉਨ੍ਹਾਂ ਨੇ ਹੋਰ ਹਜ਼ਾਰਾਂ ਬਲੂਚਾਂ ਦੀ ਸੁਰੱਖਿਅਤ ਬਰਾਮਦਗੀ ਦੀ ਵੀ ਮੰਗ ਕੀਤੀ, ਜੋ ਜਬਰਨ ਗਾਇਬ ਕਰ ਦਿੱਤੇ ਗਏ।
ਇਸ ਤੋਂ ਪਹਿਲਾਂ ਬਲੂਚ ਨੈਸ਼ਨਲ ਮੂਵਮੈਂਟ ਨੇ ਡਾ. ਦੀਨ ਮੁਹੰਮਦ ਬਲੂਚ ਦੇ ਲਾਪਤਾ ਹੋਣ ਦੇ 12 ਸਾਲ ਪੂਰੇ ਹੋਣ ਮੌਕੇ ਬ੍ਰਿਟੇਨ ਦੀ ਰਾਜਧਾਨੀ ਲੰਡਨ ’ਚ ਵੀ ਬ੍ਰਿਟਿਸ਼ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਦੇ ਘਰ ਸਾਹਮਣੇ ਪਾਕਿਸਤਾਨ ਦੇ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਕੀਤਾ ਗਿਆ, ਜਿਸ ’ਚ ਬੀ. ਐੱਨ. ਐੱਮ. ਵਰਕਰਾਂ ਤੋਂ ਇਲਾਵਾ ਬਲੂਚ ਰਿਪਬਲੀਕਨ ਪਾਰਟੀ, ਬਲੂਚ ਮਨੁੱਖੀ ਅਧਿਕਾਰ ਕਮਿਸ਼ਨ ਤੇ ਵਿਸ਼ਵ ਸਿੰਧੀ ਕਾਂਗਰਸ ਦੇ ਵਰਕਰਾਂ ਨੇ ਵੀ ਵੱਡੀ ਗਿਣਤੀ ’ਚ ਹਿੱਸਾ ਲਿਆ ਸੀ।
ਹਾਲ ਹੀ ’ਚ ਆਯੋਜਿਤ ਜੀ-7 ਦੇਸ਼ਾਂ ਦੀ ਸਮਿਟ ’ਚ ਵੀ ਬਲੂਚ ਮਨੁੱਖੀ ਅਧਿਕਾਰ ਕਮਿਸ਼ਨ ਨੇ ਪਾਕਿਸਤਾਨ ’ਚ ਬਲੂਚਾਂ ਦੇ ਯੋਜਨਾਬੱਧ ਕਤਲੇਆਮ ਦਾ ਦੋਸ਼ ਲਗਾਉਂਦਿਆਂ ਜੀ-7 ਦੇਸ਼ਾਂ ਦੇ ਨੇਤਾਵਾਂ ਨੂੰ ਇਸ ਮਾਮਲੇ ’ਚ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਸੀ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।