ਬਾਲਜੋਗੀ ਬਾਬਾ ਪ੍ਰਗਟ ਨਾਥ ਜੀ ਦਾ ਇਟਲੀ ਪਹੁੰਚਣ 'ਤੇ ਸ਼ਰਧਾਲੂਆਂ ਵੱਲੋਂ ਭਰਵਾਂ ਸਵਾਗਤ
Friday, Oct 14, 2022 - 04:14 PM (IST)

ਮਿਲਾਨ/ਇਟਲੀ (ਸਾਬੀ ਚੀਨੀਆ/ਕੈਂਥ) ਪਾਵਨ ਗ੍ਰੰਥ ਰਮਾਇਣ ਜੀ ਦੇ ਰਚਨਹਾਰੇ ਭਗਵਾਨ ਵਾਲਮੀਕਿ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਮਨਾਉਣ ਲਈ ਰਹੀਮਪੁਰ ਡੇਰੇ ਦੇ ਗੱਦੀ ਨਸ਼ੀਨ ਬਾਲਜੋਗੀ ਬਾਬਾ ਪ੍ਰਗਟ ਨਾਥ ਜੀ ਦਾ ਇਟਲੀ ਦੀ ਧਰਤੀ ਰੋਮ ਪਹੁੰਚਣ 'ਤੇ ਸਥਾਨਿਕ ਸ਼ਰਧਾਲੂਆਂ ਵੱਲੋਂ ਜ਼ੋਰਦਾਰ ਤਰੀਕੇ ਨਾਲ ਸਵਾਗਤ ਕੀਤਾ ਗਿਆ। ਜਿਉਂ ਹੀ ਬਾਲਜੋਗੀ ਬਾਬਾ ਪ੍ਰਗਟ ਨਾਥ ਜੀ ਰੋਮ ਦੇ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਪਹੁੰਚੇ, ਉਥੇ ਮੌਜੂਦ ਵਾਲਮੀਕਿ ਧਰਮ ਸਮਾਜ ਯੂਰਪ ਦੇ ਪ੍ਰਧਾਨ ਦਲਬੀਰ ਭੱਟੀ ਦੀ ਰਹਿਨੁਮਾਈ ਹੇਠ ਪੁੱਜੀਆਂ ਸੰਗਤਾ ਵੱਲੋਂ ਭਗਵਾਨ ਵਾਲਮੀਕਿ ਦੇ ਜੈਕਾਰੇ ਲਾਕੇ ਬਾਬਾ ਜੀ ਨੂੰ ਜੀ ਆਇਆ ਆਖਿਆ ਗਿਆ।
ਪੜ੍ਹੋ ਇਹ ਅਹਿਮ ਖ਼ਬਰ-ਹੈਰਾਨੀਜਨਕ! ਔਰਤ ਦੀ ਅੱਖ 'ਚੋਂ ਡਾਕਟਰ ਨੇ ਕੱਢੇ 23 'ਕਾਂਟੈਕਟ ਲੈੱਨਜ਼', ਵੀਡੀਓ ਦੇਖ ਉੱਡ ਜਾਣਗੇ ਹੋਸ਼
ਇਸ ਮੌਕੇ ਬਾਬਾ ਪ੍ਰਗਟ ਨਾਥ ਜੀ ਨੂੰ ਫੁੱਲਾਂ ਦਾ ਗੁਲਦਸਤਾ ਭੇਂਟ ਕਰਨ ਦੀ ਰਸਮ ਦਲਬੀਰ ਭੱਟੀ , ਸੋਨੀ ਮੋਮੀ, ਜਤਿੰਦਰ ਕੁਮਾਰ ਆਦਿ ਦੁਆਰਾ ਨਿਭਾਈ ਗਈ। ਪ੍ਰੈੱਸ ਨਾਲ ਜਾਣਕਾਰੀ ਸਾਂਝੀ ਕਰਦਿਆਂ ਬਾਬਾ ਪ੍ਰਗਟ ਨਾਥ ਅਤੇ ਦਲਬੀਰ ਭੱਟੀ ਨੇ ਸਾਂਝੇ ਤੌਰ 'ਤੇ ਦੱਸਿਆ ਕਿ ਵਾਲਮੀਕਿ ਸਮਾਜ ਦੁਆਰਾ ਭਗਵਾਨ ਵਾਲਮੀਕਿ ਦਾ ਅਵਤਾਰ ਦਿਵਸ ਯੂਰਪ ਦੇ ਅਲੱਗ-ਅਲੱਗ ਦੇਸ਼ਾਂ ਇਟਲੀ, ਆਸਟਰੀਆ ਫਰਾਂਸ ਆਦਿ ਵਿੱਚ ਵੱਸਦੇ ਸ਼ਰਧਾਲੂਆ ਵੱਲੋਂ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ, ਜਿਸ ਦੇ ਸੰਬੰਧ ਇਟਲੀ ਦੇ ਸ਼ਹਿਰ ਮਾਰਕੇ ਅਤੇ ਸ੍ਰੀ ਸਨਾਤਨ ਧਰਮ ਮੰਦਿਰ ਲਵੀਨੀਉ ਵਿਖੇ ਵੀ 23 ਅਕਤੂਬਰ ਦਿਨ ਐਤਵਾਰ ਨੂੰ ਵੱਡੇ ਸਮਾਗਮਾਂ ਦਾ ਆਯੋਜਨ ਕੀਤਾ ਗਿਆ ਹੈ। ਇਸ ਦੌਰਾਨ ਸਤਿਸੰਗ ਦਰਬਾਰ ਸਜਾਏ ਜਾਣਗੇ, ਜਿਸ ਵਿੱਚ ਮਹਾਰਿਸ਼ੀ ਭਗਵਾਨ ਵਾਲਮੀਕਿ ਮਹਾਰਾਜ ਜੀ ਮਹਿਮਾ ਦਾ ਉਚਾਰਣ ਕੀਤਾ ਜਾਵੇਗਾ।