ਗੁਰਦੁਆਰਾ ਗੁਰ ਨਾਨਕ ਪ੍ਰਕਾਸ਼ ਫਰਿਜ਼ਨੋ ਵਿਖੇ ਵਿਸਾਖੀ ਦੇ ਜੋੜ ਮੇਲ ਦੇ ਸਬੰਧ 'ਚ ਸਜਾਏ ਗਏ ਦੀਵਾਨ
Thursday, Apr 13, 2023 - 02:02 PM (IST)

ਫਰਿਜ਼ਨੋ/ਕੈਲੀਫੋਰਨੀਆ (ਗੁਰਿੰਦਰਜੀਤ ਨੀਟਾ ਮਾਛੀਕੇ) : ਗੁਰਦੁਆਰਾ ਗੁਰ-ਨਾਨਕ ਪ੍ਰਕਾਸ਼ ਫਰਿਜ਼ਨੋ ਦਮਦਮੀ ਟਕਸਾਲ ਦੀ ਰਹਿਨੁਮਾਈ ਹੇਠ ਚਲਾਇਆ ਜਾ ਰਿਹਾ ਹੈ। ਵਿਸ਼ੇਸ਼ ਸਮਾਗਮਾਂ ਸਬੰਧੀ ਜਾਣਕਾਰੀ ਦਿੰਦੇ ਹੋਏ ਭਾਈ ਜਤਿੰਦਰ ਸਿੰਘ ਖਾਲਸਾ ਨੇ ਦੱਸਿਆ ਕਿ ਦਮਦਮੀ ਟਕਸਾਲ ਦੇ ਮੌਜੂਦਾ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਅਤੇ ਸਮੂਹ ਸੰਗਤ ਦਮਦਮੀ ਟਕਸਾਲ ਦੇ ਸਹਿਯੋਗ ਨਾਲ ਇਥੇ ਇਤਿਹਾਸਕ ਯਾਦਗਾਰੀ ਸਾਈਨ ਬੋਰਡ ਦਾ ਉਦਘਾਟਨ ਕੀਤਾ ਗਿਆ।
ਇਸ ਸਮੇਂ ਸਥਾਨਕ ਗੁਰੂਘਰ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਵਾਸਤੇ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਸਾਹਿਬ ਵਿਖੇ ਲਿਆਂਦੀ ਗਈ ਨਵੀਂ ਪਾਲਕੀ ਸਾਹਿਬ ਦਾ ਵੀ ਉਦਘਾਟਨ ਕੀਤਾ ਗਿਆ। ਇਹਨਾਂ ਵਿਸ਼ੇਸ਼ ਉਦਘਾਟਨ ਕਾਰਜਾਂ ਨੂੰ ਸਮਰਪਿਤ ਅਤੇ ਵਿਸਾਖੀ ਦੇ ਜੋੜ ਮੇਲ ਦੇ ਸਬੰਧ ਵਿੱਚ ਵਿਸ਼ੇਸ਼ ਦੀਵਾਨ ਸਜਾਏ ਗਏ, ਜਿਸ ਵਿੱਚ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਆਏ ਮੁੱਖ ਵਾਕ (ਹੁਕਮਨਾਮਾ) ਸਾਹਿਬ ਦੀ ਵਿਆਖਿਆ ਕੀਤੀ। ਇਸ ਸਮੇਂ ਹਾਜ਼ਰ ਬੇਅੰਤ ਸੰਗਤਾਂ ਨੇ ਗੁਰੂ ਜਸ ਸਰਵਣ ਕਰਕੇ ਲਾਹਾ ਪ੍ਰਾਪਤ ਕੀਤਾ। ਗੁਰੂ ਦੇ ਲੰਗਰ ਅਤੁੱਟ ਵਰਤੇ ਅਤੇ ਸੰਗਤਾਂ ਗੁਰੂ ਨੂੰ ਨਤਮਸਤਕ ਹੋਈਆਂ।