ਬ੍ਰਿਟੇਨ ਨੇ ਗੁਰਪ੍ਰੀਤ ਸਿੰਘ ਰੇਹਲ ਤੇ ‘ਬੱਬਰ ਅਕਾਲੀ ਲਹਿਰ’ ’ਤੇ ਲਾਇਆ Ban
Saturday, Dec 06, 2025 - 11:58 AM (IST)
ਇੰਟਰਨੈਸ਼ਨਲ ਡੈਸਕ- ਬ੍ਰਿਟੇਨ ਨੇ ਭਾਰਤ ’ਚ ਕਥਿਤ ਅੱਤਵਾਦੀ ਗਤੀਵਿਧੀਆਂ ਅਤੇ ਸਿੱਖ ਕੱਟੜਪੰਥੀ ਸਮੂਹ ਬੱਬਰ ਖਾਲਸਾ ਦਾ ਸਮਰਥਨ ਕਰਨ ਦੇ ਦੋਸ਼ ’ਚ ਇਕ ਬ੍ਰਿਟਿਸ਼ ਨਾਗਰਿਕ ਅਤੇ ਬੱਬਰ ਅਕਾਲੀ ਲਹਿਰ ਨਾਂ ਦੇ ਸੰਗਠਨ ’ਤੇ ਪਾਬੰਦੀ ਲਾ ਦਿੱਤੀ ਹੈ। ਬ੍ਰਿਟਿਸ਼ ਟ੍ਰੇਜ਼ਰੀ ਨੇ ਕਿਹਾ ਕਿ ਇਹ ਪਹਿਲੀ ਵਾਰ ਹੈ, ਜਦੋਂ ਬ੍ਰਿਟੇਨ ਨੇ ਖਾਲਿਸਤਾਨ ਸਮਰਥਕ ਬੱਬਰ ਖਾਲਸਾ ਦੀ ਫੰਡਿੰਗ ਨੂੰ ਰੋਕਣ ਲਈ ਆਪਣੇ ਘਰੇਲੂ ਅੱਤਵਾਦ ਵਿਰੋਧੀ ਕਾਨੂੰਨ ਦੀ ਵਰਤੋਂ ਕੀਤੀ ਹੈ।
‘ਵ੍ਹਾਈਟਹਾਲ’ ਨੇ 34 ਸਾਲਾ ਲੀਡਜ਼ ਨਿਵਾਸੀ ਤੇ ਬਿਜ਼ਨੈੱਸਮੈਨ ਗੁਰਪ੍ਰੀਤ ਸਿੰਘ ਰੇਹਲ ’ਤੇ ਪਾਬੰਦੀ ਲਾ ਦਿੱਤੀ ਹੈ। ਇਹ ਕਦਮ ਬੱਬਰ ਖਾਲਸਾ ਅਤੇ ਬੱਬਰ ਅਕਾਲੀ ਲਹਿਰ ਲਈ ਕਥਿਤ ਪ੍ਰਚਾਰ ਕਰਨ ਤੋਂ ਬਾਅਦ ਚੁੱਕਿਆ ਗਿਆ। ਬ੍ਰਿਟਿਸ਼ ਨਾਗਰਿਕਾਂ ਅਤੇ ਸੰਸਥਾਵਾਂ ਨੂੰ ਰੇਹਲ, ਬੱਬਰ ਅਕਾਲੀ ਲਹਿਰ ਜਾਂ ਉਨ੍ਹਾਂ ਦੀ ਕਿਸੇ ਵੀ ਫਰਮ ਜਾਂ ਵਿੱਤੀ ਸਰੋਤਾਂ ਨਾਲ ਡੀਲ ਕਰਨ ਤੋਂ ਮਨ੍ਹਾ ਕੀਤਾ ਗਿਆ ਹੈ। ਟ੍ਰੇਜ਼ਰੀ ਨੇ ਕਿਹਾ ਕਿ ਇਨ੍ਹਾਂ ਪਾਬੰਦੀਆਂ ਦੀ ਉਲੰਘਣਾ ਕਰਨ ’ਤੇ ਜੁਰਮਾਨਾ ਜਾਂ 7 ਸਾਲ ਤੱਕ ਦੀ ਕੈਦ ਹੋ ਸਕਦੀ ਹੈ।
