ਪਾਕਿਸਤਾਨ 'ਚ ਹਿੰਦੂ-ਸਿੱਖ ਵਿਦਿਆਰਥੀਆਂ ਨੂੰ ਦਿੱਤੀ ਗਈ 'ਬਾਬਾ ਗੁਰੂ ਨਾਨਕ ਸਕਾਲਰਸ਼ਿਪ'
Tuesday, Dec 06, 2022 - 12:35 PM (IST)
ਲਾਹੌਰ (ਭਾਸ਼ਾ)- ਪਾਕਿਸਤਾਨ ਵਿਚ 'ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ' ਨੇ ਘੱਟ ਗਿਣਤੀ ਭਾਈਚਾਰੇ ਦੇ ਵਿਦਿਆਰਥੀਆਂ ਨੂੰ ਸਥਾਨਕ ਯੂਨੀਵਰਸਿਟੀਆਂ ਵਿਚ ਉੱਚ ਸਿੱਖਿਆ ਹਾਸਲ ਕਰਨ ਵਿਚ ਮਦਦ ਕਰਨ ਲਈ ਵਜ਼ੀਫੇ ਦਿੱਤੇ ਹਨ। 60 ਹਿੰਦੂ ਅਤੇ 40 ਸਿੱਖ ਵਿਦਿਆਰਥੀਆਂ ਨੂੰ ਵਜ਼ੀਫ਼ਾ ਦਿੱਤਾ ਗਿਆ ਹੈ। ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ (ETPB) ਇੱਕ ਵਿਧਾਨਕ ਬੋਰਡ ਹੈ ਜੋ ਵੰਡ ਤੋਂ ਬਾਅਦ ਭਾਰਤ ਗਏ ਹਿੰਦੂ ਅਤੇ ਸਿੱਖਾਂ ਦੀਆਂ ਜਾਇਦਾਦਾਂ ਦਾ ਪ੍ਰਬੰਧਨ ਕਰਦਾ ਹੈ, ਜਿਨ੍ਹਾਂ ਵਿਚ ਵਿਦਿਅਕ, ਚੈਰੀਟੇਬਲ ਜਾਂ ਧਾਰਮਿਕ ਟਰੱਸਟ ਸ਼ਾਮਲ ਹਨ।
ਬੋਰਡ ਨੇ 2019 ਵਿੱਚ ਘੱਟ ਗਿਣਤੀ ਹਿੰਦੂ ਅਤੇ ਸਿੱਖ ਵਿਦਿਆਰਥੀਆਂ ਲਈ ਬਾਬਾ ਗੁਰੂ ਨਾਨਕ ਸਕਾਲਰਸ਼ਿਪ ਸ਼ੁਰੂ ਕੀਤੀ ਸੀ। ਸ਼ੁਰੂ ਵਿੱਚ, ਘੱਟ ਆਮਦਨੀ ਵਾਲੇ ਪਰਿਵਾਰਾਂ ਨਾਲ ਸਬੰਧਤ 50 ਘੱਟ ਗਿਣਤੀ ਵਿਦਿਆਰਥੀਆਂ ਨੂੰ ਵਜ਼ੀਫੇ ਦਿੱਤੇ ਗਏ। ਇਸ ਸਾਲ ਈਟੀਪੀਬੀ ਨੇ ਵਜ਼ੀਫ਼ਿਆਂ ਦੀ ਗਿਣਤੀ ਦੁੱਗਣੀ ਕਰ ਦਿੱਤੀ ਹੈ। ਈਟੀਪੀਬੀ ਦੇ ਬੁਲਾਰੇ ਆਮਿਰ ਹਾਸ਼ਮੀ ਨੇ ਪੀਟੀਆਈ ਨੂੰ ਦੱਸਿਆ, "2022-23 ਲਈ 100 ਸਕਾਲਰਸ਼ਿਪ ਪ੍ਰਾਪਤ ਕਰਨ ਵਾਲਿਆਂ ਵਿੱਚ ਹਿੰਦੂ ਵਿਦਿਆਰਥੀਆਂ ਦੀ ਸਭ ਤੋਂ ਵੱਧ ਗਿਣਤੀ ਹੈ ਅਤੇ ਇਹ ਯੋਗਤਾ ਦੇ ਆਧਾਰ 'ਤੇ ਦਿੱਤੀ ਗਈ ਹੈ।"
ਉਨ੍ਹਾਂ ਦੱਸਿਆ ਕਿ ਇਸ ਵਾਰ 60 ਹਿੰਦੂ ਅਤੇ 40 ਸਿੱਖ ਵਿਦਿਆਰਥੀਆਂ ਨੂੰ ਵਜ਼ੀਫ਼ਾ ਮਿਲਿਆ ਹੈ। ਹਾਸ਼ਮੀ ਨੇ ਕਿਹਾ, "ਹਰੇਕ ਵਿਦਿਆਰਥੀ ਨੂੰ ਡਿਗਰੀ ਪੂਰੀ ਹੋਣ ਤੱਕ 10,000 ਪਾਕਿਸਤਾਨੀ ਰੁਪਏ (ਲਗਭਗ 3,640 ਭਾਰਤੀ ਰੁਪਏ) ਪ੍ਰਤੀ ਮਹੀਨਾ ਦਿੱਤੇ ਜਾਣਗੇ।" ਇਹਨਾਂ ਵਿੱਚੋਂ ਜ਼ਿਆਦਾਤਰ ਵਜ਼ੀਫੇ ਪਾਕਿਸਤਾਨ ਦੇ ਸਿੰਧ ਅਤੇ ਖੈਬਰ ਪਖਤੂਨਖਵਾ ਸੂਬਿਆਂ ਦੇ ਵਿਦਿਆਰਥੀਆਂ ਨੂੰ ਦਿੱਤੇ ਜਾਂਦੇ ਹਨ।