ਬ੍ਰਿਟਿਸ਼ ਕੋਲੰਬੀਆ ਦੀ ਔਰਤ ਨੇ ਏਅਰ ਕੈਨੇਡਾ ਅੱਗੇ ਰੱਖੀ ਇਹ ਮੰਗ

02/20/2017 11:17:09 AM

ਓਟਾਵਾ— ਬ੍ਰਿਟਿਸ਼ ਕੋਲੰਬੀਆ ਦੀ ਔਰਤ ਨੇ ਏਅਰ ਕੈਨਡਾ ਦੇ ਸਾਹਮਣੇ ''ਡੌਗ ਪਾਲਿਸੀ'' (ਕੁੱਤਿਆਂ ਨੂੰ ਹਵਾਈ ਸਫਰ ''ਤੇ ਲਿਜਾਣ ਸੰਬੰਧੀ ਨੀਤੀ) ਨੂੰ ਸੁਧਾਰਨ ਦੀ ਮੰਗ ਕੀਤੀ ਹੈ। ਜ਼ਿਕਰਯੋਗ ਹੈ ਕਿ ਏਅਰ ਕੈਨੇਡਾ ਦੀ ''ਡੌਗ ਪਾਲਿਸੀ'' ਅਧੀਨ ਸਿਰਫ ਕੁਝ ਤਰ੍ਹਾਂ ਦੇ ਕੁੱਤਿਆਂ ਨੂੰ ਹੀ ਹਵਾਈ ਸਫਰ ''ਤੇ ਲਿਜਾਣ ਦੀ ਇਜਾਜ਼ਤ ਹੈ। ਇਸ ਅਧੀਨ ਛੋਟੇ ਸਿਰ ਅਤੇ ਚੌੜੇ ਨੱਕ ਵਾਲੇ ਕੁੱਤਿਆਂ ਨੂੰ ਹਵਾਈ ਸਫਰ ''ਤੇ ਲਿਜਾਣ ਦੀ ਆਗਿਆ ਨਹੀਂ ਹੈ। ਏਅਰ ਲਾਈਨ ਦਾ ਮੰਨਣਾ ਹੈ ਕਿ ਇਨ੍ਹਾਂ ਕੁੱਤਿਆਂ ਨੂੰ ਹਵਾਈ ਸਫਰ ਦੌਰਾਨ ਸਾਹ ਸੰਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਏਅਰ ਕੈਨੇਡਾ ਦੀ ਇਸ ''ਡੌਗ ਪਾਲਿਸੀ'' ਕਾਰਨ ਵਿਕਟੋਰੀਆ ਦੀ ਰਹਿਣ ਵਾਲੀ ਔਰਤ ਰੌਬਿਨ ਲਾਰੋਕਿਉ ਦਾ ਕੁੱਤਾ ਕੈਲਗਰੀ ਵਿਚ ਫਸ ਗਿਆ ਹੈ। ਰੌਬਿਨ ਦਾ ਪਾਲਤੂ ਕੁੱਤਾ ਕੈਂਸਰ ਦੀ ਬੀਮਾਰੀ ਨਾਲ ਜੂਝ ਰਿਹਾ ਹੈ, ਜਿਸ ਦੇ ਇਲਾਜ ਲਈ ਉਹ ਉਸ ਨੂੰ ਕੈਲਗਰੀ ਦੇ ਪਸ਼ੂਆਂ ਦੇ ਹਸਪਤਾਲ ਵਿਖੇ ਲੈ ਕੇ ਗਈ ਸੀ। ਉਸ ਸਮੇਂ ਰੌਬਿਨ ਆਪਣੇ ਕੁੱਤੇ ਨੂੰ ਵੈੱਸਟਜੈੱਟ ਏਅਰਲਾਈਨ ਦੇ ਜਹਾਜ਼ ਰਾਹੀਂ ਲੈ ਕੇ ਗਈ ਸੀ ਪਰ ਹਫਤੇ ਦੇ ਆਖਰੀ ਦਿਨਾਂ ''ਤੇ ਵੈਸਟਜੈੱਟ ਦਾ ਕਾਰਗੋ ਜਹਾਜ਼ ਸੇਵਾਵਾਂ ਦੇਣ ਲਈ ਉਪਲੱਬਧ ਨਹੀਂ ਹੁੰਦਾ, ਜਿਸ ਕਰਕੇ ਉਸ ਨੇ ਏਅਰ ਕੈਨੇਡਾ ਦੇ ਜਹਾਜ਼ ਦੀ ਟਿਕਟ ਬੁੱਕ ਕਰਵਾਉਣ ਦੀ ਕੋਸ਼ਿਸ਼ ਕੀਤੀ ਪਰ ਏਅਰ ਕੈਨੇਡਾ ਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ। 
ਏਅਰ ਕੈਨੇਡਾ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਇਹ ''ਡੌਗ ਪਾਲਿਸੀ, ਸਾਲ 2015 ਤੋਂ ਚੱਲਦੀ ਆ ਰਹੀ ਹੈ ਅਤੇ ਅਮਰੀਕਾ ਦੀਆਂ ਕਈ ਏਅਰਲਾਈਨਜ਼ ਵੀ ਇਸ ਤਰ੍ਹਾਂ ਦੀ ਨੀਤੀ ਦਾ ਪਾਲਣ ਕਰਦੀਆਂ ਹਨ। ਰੌਬਿਨ ਦਾ ਕਹਿਣਾ ਹੈ ਕਿ ਏਅਰ ਕੈਨੇਡਾ ਨੂੰ ਆਪਣੀ ''ਡੌਗ ਪਾਲਿਸੀ'' ਵਿਚ ਸੁਧਾਰ ਕਰਨਾ ਚਾਹੀਦਾ ਹੈ ਅਤੇ ਕੁਝ ਮਾਮਲਿਆਂ ਵਿਚ ਇਸ ਦੀ ਆਗਿਆ ਦੇਣੀ ਚਾਹੀਦੀ ਹੈ। ਉਸ ਨੇ ਕਿਹਾ ਕਿ ਜਦੋਂ ਪਸ਼ੂ ਰੋਗਾਂ ਦੇ ਮਾਹਰ ਡਾਕਟਰਾਂ ਨੇ ਇਸ ਦੀ ਆਗਿਆ ਦਿੱਤੀ ਹੈ ਤਾਂ ਏਅਰ ਕੈਨੇਡਾ ਇਸ ਮਾਮਲੇ ਵਿਚ ਰੋਕ ਕਿਵੇਂ ਲਗਾ ਸਕਦਾ ਹੈ। ਰੌਬਿਨ ਨੇ ਕਿਹਾ ਕਿ ਉਸ ਦਾ ਕੁੱਤਾ ਬੀਮਾਰ ਹੈ ਅਤੇ ਇਸ ਸਮੇਂ ਉਸ ਨੂੰ ਪਰਿਵਾਰ ਦੇ ਸਾਥ ਦੀ ਲੋੜ ਹੈ।

Kulvinder Mahi

News Editor

Related News